ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸ਼ੈਲਰਾਂ ’ਚ ਡੂੰਘਾ ਹੋਇਆ ਸਟੋਰੇਜ ਸੰਕਟ, 28 ਲੱਖ ਮੀਟ੍ਰਿਕ ਟਨ ਪੁਰਾਣਾ ਝੋਨਾ ਅਜੇ ਵੀ ਜਮ੍ਹਾਂ
ਨਵੀਂ ਫ਼ਸਲ ਦੀ ਆਮਦ ਸਿਰ ’ਤੇ ਹੈ। ਅਜਿਹੇ ਵਿੱਚ ਜੇਕਰ ਪੁਰਾਣੇ ਸਟਾਕ ਨੂੰ ਸਮੇਂ ਸਿਰ ਹਟਾਇਆ ਨਾ ਗਿਆ ਤਾਂ ਨਵੀਂ ਫ਼ਸਲ ਲਈ ਸ਼ੈਲਰਾਂ ਵਿੱਚ ਥਾਂ ਦੀ ਕਮੀ ਪੈਦਾ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਅਤੇ ਚੁਕਾਈ ਪ੍ਰਬੰਧ ’ਤੇ ਪੈਣ ਦਾ ਖ਼ਦਸ਼ਾ ਹੈ।
Publish Date: Tue, 18 Aug 2026 10:31 AM (IST)
Updated Date: Tue, 18 Aug 2026 10:33 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਝੋਨੇ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ ਦੇ ਸ਼ੈਲਰਾਂ ਵਿੱਚ ਸਟੋਰੇਜ ਦੀ ਸਮੱਸਿਆ ਗੰਭੀਰ ਹੋਣ ਲੱਗੀ ਹੈ। ਪਿਛਲੇ ਸੀਜ਼ਨ ਦਾ ਕਰੀਬ 28 ਲੱਖ ਮੀਟ੍ਰਿਕ ਟਨ ਝੋਨਾ ਅਜੇ ਵੀ ਸ਼ੈਲਰਾਂ ’ਚ ਪਿਆ ਹੋਇਆ ਹੈ ਅਤੇ ਇਸ ਦੀ ਮਿਲਿੰਗ ਤੇ ਚੁਕਾਈ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਸਕਿਆ।
ਨਵੀਂ ਫ਼ਸਲ ਦੀ ਆਮਦ ਸਿਰ ’ਤੇ ਹੈ। ਅਜਿਹੇ ਵਿੱਚ ਜੇਕਰ ਪੁਰਾਣੇ ਸਟਾਕ ਨੂੰ ਸਮੇਂ ਸਿਰ ਹਟਾਇਆ ਨਾ ਗਿਆ ਤਾਂ ਨਵੀਂ ਫ਼ਸਲ ਲਈ ਸ਼ੈਲਰਾਂ ਵਿੱਚ ਥਾਂ ਦੀ ਕਮੀ ਪੈਦਾ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਅਤੇ ਚੁਕਾਈ ਪ੍ਰਬੰਧ ’ਤੇ ਪੈਣ ਦਾ ਖ਼ਦਸ਼ਾ ਹੈ।
ਸ਼ੈਲਰ ਸੰਚਾਲਕਾਂ ਅਨੁਸਾਰ ਸੂਬੇ ਦੇ ਕਰੀਬ 5500 ਸ਼ੈਲਰਾਂ ਵਿੱਚ ਇਸ ਵੇਲੇ 20 ਤੋਂ 25 ਫ਼ੀਸਦੀ ਮਿਲਿੰਗ ਦਾ ਕੰਮ ਲੰਬਿਤ ਹੈ। ਇਨ੍ਹਾਂ ਸ਼ੈਲਰਾਂ ਵਿੱਚ ਲਗਭਗ 1 ਕਰੋੜ 11 ਲੱਖ 65 ਹਜ਼ਾਰ ਮੀਟ੍ਰਿਕ ਟਨ ਝੋਨਾ ਸਟੋਰ ਕਰਨ ਦੀ ਸਮਰੱਥਾ ਹੈ।
ਇਸ ਦੇ ਬਾਵਜੂਦ ਵੱਡੀ ਮਾਤਰਾ ਵਿੱਚ ਪੁਰਾਣਾ ਝੋਨਾ ਅਜੇ ਵੀ ਸ਼ੈਲਰਾਂ ਵਿੱਚ ਪਿਆ ਹੋਣ ਕਾਰਨ ਨਵੀਂ ਫ਼ਸਲ ਲਈ ਉਪਲਬਧ ਜਗ੍ਹਾ ਘਟ ਰਹੀ ਹੈ। ਨਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੁਰਾਣੇ ਸਟਾਕ ਦੀ ਮਿਲਿੰਗ ਅਤੇ ਚੁਕਾਈ ਵਿੱਚ ਤੇਜ਼ੀ ਨਾ ਆਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਇੱਕ ਸ਼ੈਲਰ ਵਿੱਚ ਔਸਤਨ ਕਰੀਬ 70 ਗੱਡੀਆਂ ਦੀ ਮਿਲਿੰਗ ਹੁੰਦੀ ਹੈ। ਇੱਕ ਗੱਡੀ ਵਿੱਚ ਲਗਭਗ 290 ਕੁਇੰਟਲ ਝੋਨਾ ਹੁੰਦਾ ਹੈ। ਇਸ ਹਿਸਾਬ ਨਾਲ ਇੱਕ ਸ਼ੈਲਰ ਵਿੱਚ ਕਰੀਬ 2030 ਮੀਟ੍ਰਿਕ ਟਨ ਝੋਨੇ ਦੀ ਮਿਲਿੰਗ ਹੁੰਦੀ ਹੈ। ਹਜ਼ਾਰਾਂ ਸ਼ੈਲਰਾਂ ਵਿੱਚ ਪੁਰਾਣਾ ਸਟਾਕ ਪਿਆ ਹੋਣ ਕਾਰਨ ਨਵੀਂ ਫ਼ਸਲ ਦੀ ਆਮਦ ਸਮੇਂ ਸਟੋਰੇਜ ਸਮਰੱਥਾ ’ਤੇ ਦਬਾਅ ਵਧਣਾ ਸੁਭਾਵਿਕ ਹੈ।
ਝੋਨੇ ਦੇ ਸੀਜ਼ਨ ਦੌਰਾਨ ਹਰ ਰੋਜ਼ ਵੱਡੀ ਮਾਤਰਾ ਵਿੱਚ ਨਵੀਂ ਫ਼ਸਲ ਮੰਡੀਆਂ ਵਿੱਚ ਪਹੁੰਚਦੀ ਹੈ। ਖ਼ਰੀਦ ਏਜੰਸੀਆਂ ਵੱਲੋਂ ਝੋਨਾ ਖ਼ਰੀਦਣ ਤੋਂ ਬਾਅਦ ਇਸ ਨੂੰ ਸਮੇਂ ਸਿਰ ਮੰਡੀਆਂ ਤੋਂ ਚੁਕਵਾ ਕੇ ਸ਼ੈਲਰਾਂ ਤਕ ਪਹੁੰਚਾਉਣਾ ਅਤੇ ਉੱਥੇ ਸਟੋਰ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਸ਼ੈਲਰਾਂ ਵਿੱਚ ਪਹਿਲਾਂ ਹੀ ਪੁਰਾਣਾ ਸਟਾਕ ਪਿਆ ਹੋਵੇ ਤਾਂ ਨਵੀਂ ਫ਼ਸਲ ਨੂੰ ਰੱਖਣ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਕਾਰਨ ਮੰਡੀਆਂ ਵਿੱਚ ਫ਼ਸਲ ਦੀ ਚੁਕਾਈ ਵਿੱਚ ਦੇਰੀ ਹੋਣ ਦੇ ਨਾਲ ਕਿਸਾਨਾਂ ਨੂੰ ਵੀ ਆਪਣੀ ਫ਼ਸਲ ਵੇਚਣ ਤੋਂ ਬਾਅਦ ਵਧੇਰੇ ਸਮਾਂ ਉਡੀਕ ਕਰਨੀ ਪੈ ਸਕਦੀ ਹੈ।
ਸਰਕਾਰ ਤੁਰੰਤ ਵਿਸ਼ੇਸ਼ ਮੁਹਿੰਮ ਚਲਾਏ : ਗਰਗ
ਬਠਿੰਡਾ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਨਾਰਾਇਣ ਗਰਗ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਸ਼ੈਲਰਾਂ ਵਿੱਚ 20 ਤੋਂ 25 ਫ਼ੀਸਦੀ ਤੱਕ ਮਿਲਿੰਗ ਦਾ ਕੰਮ ਲੰਬਿਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੁਰਾਣੇ ਝੋਨੇ ਦੀ ਮਿਲਿੰਗ ਅਤੇ ਚੁਕਾਈ ਵਿੱਚ ਤੇਜ਼ੀ ਲਿਆਉਣ ਲਈ ਤੁਰੰਤ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ। ਜੇਕਰ ਨਵੇਂ ਸੀਜ਼ਨ ਤੋਂ ਪਹਿਲਾਂ ਪੁਰਾਣਾ ਸਟਾਕ ਕਾਫ਼ੀ ਹੱਦ ਤਕ ਹਟਾ ਦਿੱਤਾ ਜਾਂਦਾ ਹੈ ਤਾਂ ਨਵੀਂ ਫ਼ਸਲ ਲਈ ਲੋੜੀਂਦੀ ਥਾਂ ਬਣਾਈ ਜਾ ਸਕਦੀ ਹੈ।
ਗਰਗ ਨੇ ਕਿਹਾ ਕਿ ਕਰੀਬ 28 ਲੱਖ ਮੀਟ੍ਰਿਕ ਟਨ ਪੁਰਾਣੇ ਲੰਬਿਤ ਸਟਾਕ ਨੂੰ ਲੈ ਕੇ ਹੁਣੇ ਤੋਂ ਕਦਮ ਚੁੱਕਣ ਦੀ ਲੋੜ ਹੈ। ਜੇਕਰ ਇਸ ਦੀ ਨਿਕਾਸੀ ਵਿੱਚ ਹੋਰ ਦੇਰੀ ਹੋਈ ਤਾਂ ਨਵੀਂ ਫ਼ਸਲ ਦੀ ਆਮਦ ਸਮੇਂ ਸ਼ੈਲਰਾਂ ਵਿੱਚ ਥਾਂ ਦੀ ਕਮੀ ਵੱਡੀ ਸਮੱਸਿਆ ਬਣ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਸ਼ੈਲਰ ਉਦਯੋਗ ਤਕ ਸੀਮਤ ਨਹੀਂ ਰਹੇਗਾ, ਸਗੋਂ ਇਸ ਦਾ ਅਸਰ ਮੰਡੀਆਂ ਵਿੱਚ ਫ਼ਸਲ ਦੀ ਚੁਕਾਈ, ਕਿਸਾਨਾਂ ਦੀ ਖ਼ਰੀਦ ਅਤੇ ਸਮੁੱਚੇ ਝੋਨਾ ਖ਼ਰੀਦ ਪ੍ਰਬੰਧ ’ਤੇ ਪੈ ਸਕਦਾ ਹੈ। ਸਰਕਾਰ ਅਤੇ ਖ਼ਰੀਦ ਏਜੰਸੀਆਂ ਨੂੰ ਨਵੇਂ ਸੀਜ਼ਨ ਤੋਂ ਪਹਿਲਾਂ ਪੁਰਾਣੇ ਸਟਾਕ ਦੀ ਮਿਲਿੰਗ ਅਤੇ ਚੁਕਾਈ ਮੁਕੰਮਲ ਕਰਨ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਮੰਡੀਆਂ ਵਿੱਚ ਨਵੀਂ ਫ਼ਸਲ ਦੀ ਆਮਦ ਸਮੇਂ ਕੋਈ ਵੱਡੀ ਰੁਕਾਵਟ ਨਾ ਆਵੇ।