ਪੰਜਾਬ ਨੂੰ ਇਸ਼ਤਿਹਾਰਾਂ ਰਾਹੀਂ ਖੁਸ਼ਹਾਲ ਦਿਖਾਉਣ ਦਾ ਝੂਠਾ ਪ੍ਰਚਾਰ ਬੰਦ ਕੀਤਾ ਜਾਵੇ ਪੰਜਾਬ ਨੂੰ ਇਸ਼ਤਿਹਾਰਾਂ ਰਾਹੀਂ ਖੁਸ਼ਹਾਲ ਦਿਖਾਉਣ ਦਾ ਝੂਠਾ ਪ੍ਰਚਾਰ ਬੰਦ ਕੀਤਾ ਜਾਵੇ
Publish Date: Tue, 08 Sep 2026 05:40 PM (IST)
Updated Date: Tue, 08 Sep 2026 05:43 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟ ਫੱਤਾ, ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਸਿੱਧੂ ਅਤੇ ਕਿਸਾਨ ਕਾਂਗਰਸ ਦੇ ਦਫ਼ਤਰ ਇੰਚਾਰਜ ਮਨਜੀਤ ਸਿੰਘ ਕੋਟ ਫੱਤਾ ਨੇ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਨੂੰ ਸਵਾਲ ਕਰਨ ਵਾਲੇ ਲੋਕਾਂ ਨਾਲ ਕਥਿਤ ਤੌਰ ’ਤੇ ਕੀਤੇ ਜਾ ਰਹੇ ਮਾੜੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਪਿੰਡ ਤੂਰਬਣਜਾਰਾ ਵਿੱਚ ਨਸ਼ਿਆਂ ਦੀ ਸਮੱਸਿਆ ਸਬੰਧੀ ਮੰਤਰੀ ਨੂੰ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ ਅਤੇ ਇਸ ਤੋਂ ਪਹਿਲਾਂ ਪਿੰਡ ਸ਼ੇਰੋਂ ਦੇ ਮੋਹਣਜੀਤ ਸਿੰਘ ਨਾਲ ਵਾਪਰੀ ਘਟਨਾ ਨੇ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਦੇ ਦਾਅਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਆਗੂਆਂ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਧਮਕੀਆਂ ਅਤੇ ਦਬਾਅ ਦੇ ਦੋਸ਼ ਲਗਾਏ ਗਏ ਹਨ, ਜਦਕਿ ਮੋਹਣਜੀਤ ਸਿੰਘ ਵੱਲੋਂ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਮੋਹਣਜੀਤ ਸਿੰਘ ਆਪਣਾ ਰੋਸ ਜ਼ਾਹਰ ਕਰਨ ਅਤੇ ਨਸ਼ਿਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਤੋਂ ਸਵਾਲ ਕਰਨ ਲਈ ਕਾਲਾ ਝੰਡਾ ਲੈ ਕੇ ਆਇਆ ਸੀ। ਉਸ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਾ ਮਿਲਣਾ ਅਤੇ ਬਾਅਦ ਵਿੱਚ ਪੁਲਿਸ ’ਤੇ ਲਗਾਏ ਗਏ ਦੋਸ਼ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੇ ਹਨ। ਚਾਨਣ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਕੋਟ ਫੱਤਾ ਨੇ ਕਿਹਾ ਕਿ ਜੋ ਮੁੱਖ ਮੰਤਰੀ ਵਿਰੋਧੀ ਧਿਰ ਵਿੱਚ ਰਹਿੰਦਿਆਂ ਲੋਕਾਂ ਨੂੰ ਸਰਕਾਰ ਤੋਂ ਸਵਾਲ ਪੁੱਛਣ ਲਈ ਪ੍ਰੇਰਿਤ ਕਰਦੇ ਸਨ, ਉਹੀ ਸੱਤਾ ਵਿਚ ਆ ਕੇ ਲੋਕਾਂ ਦੇ ਸਵਾਲਾਂ ਤੋਂ ਕਿਉਂ ਘਬਰਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਾਂ ਦੀ ਬਜਾਏ ਪੰਜਾਬ ਦੀ ਜ਼ਮੀਨੀ ਹਕੀਕਤ ’ਤੇ ਧਿਆਨ ਦੇਣਾ ਚਾਹੀਦਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜਿਸ ਸਰਕਾਰ ਨੂੰ ਆਪਣੇ ਕੰਮ ’ਤੇ ਭਰੋਸਾ ਹੋਵੇ, ਉਹ ਸਵਾਲਾਂ ਤੋਂ ਨਹੀਂ ਡਰਦੀ। ਲੋਕਤੰਤਰ ਵਿਚ ਹਰ ਨਾਗਰਿਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਅਜਿਹੇ ਰਵੱਈਏ ਦਾ ਡਟ ਕੇ ਵਿਰੋਧ ਕਰੇਗੀ ਅਤੇ ਲੋਕਾਂ ਦੀ ਆਵਾਜ਼ ਨਾਲ ਖੜ੍ਹੀ ਰਹੇਗੀ।