- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਸਤੈਦੀ ਨਾਲ ਕੁਝ ਘੰਟਿਆਂ ਵਿੱਚ ਬਰਾਮਦ ਕੀਤਾ ਚੋਰੀ ਹੋਇਆ ਮੋਟਰਸਾਈਕਲ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਨੇ ਮੁਸ਼ਤੈਦੀ ਦਿਖਾਉਂਦਿਆਂ ਕੁਝ ਹੀ ਘੰਟਿਆਂ ਵਿੱਚ ਚੋਰੀ ਹੋਇਆ ਮੋਟਰਸਾਈਕਲ ਲੱਭ ਕੇ ਉਸ ਦੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ। ਪੁਲਿਸ ਦੀ ਇਸ ਤੁਰੰਤ ਕਾਰਵਾਈ ਨਾਲ ਜਿੱਥੇ ਪੀੜਤ ਨੂੰ ਵੱਡੀ ਰਾਹਤ ਮਿਲੀ, ਉੱਥੇ ਹੀ ਪੁਲਿਸ ਦੀ ਕਾਰਜਸ਼ੈਲੀ ਅਤੇ ਲੋਕਾਂ ਦੀ ਸਹਾਇਤਾ ਲਈ ਦਿਖਾਈ ਗਈ ਸਰਗਰਮੀ ਦੀ ਵੀ ਸ਼ਲਾਘਾ ਹੋ ਰਹੀ ਹੈ। ਜਾਣਕਾਰੀ ਅਨੁਸਾਰ 26 ਨਵੰਬਰ 2026 ਨੂੰ ਅਮਿਤ ਕੁਮਾਰ ਵੱਲੋਂ ਡਾਇਲ 112 ’ਤੇ ਫੋਨ ਕਰ ਕੇ ਸੂਚਨਾ ਦਿੱਤੀ ਗਈ ਕਿ ਉਸ ਦਾ ਕਾਲੇ ਰੰਗ ਦਾ ਪਲਟੀਨਾ ਮੋਟਰਸਾਈਕਲ, ਜਿਸ ਦਾ ਨੰਬਰ ਪੀਬੀ03ਬੀਆਰ 1480 ਹੈ, ਪਰਸਰਾਮ ਨਗਰ ਦੀ ਗਲੀ ਨੰਬਰ 36 ਨੇੜਿਓਂ ਚੋਰੀ ਹੋ ਗਿਆ ਹੈ। ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਮਿਲਦਿਆਂ ਹੀ ਟੀਮ ਹਰਕਤ ਵਿੱਚ ਆ ਗਈ ਅਤੇ ਬਿਨਾਂ ਸਮਾਂ ਗੁਆਏ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ।
ਪੁਲਿਸ ਮੁਲਾਜ਼ਮਾਂ ਨੇ ਸਭ ਤੋਂ ਪਹਿਲਾਂ ਘਟਨਾ ਵਾਲੇ ਇਲਾਕੇ ਦੇ ਕੈਮਰਿਆਂ ਦੀ ਜਾਂਚ ਕੀਤੀ ਅਤੇ ਮੋਟਰਸਾਈਕਲ ਸਬੰਧੀ ਅਹਿਮ ਜਾਣਕਾਰੀ ਇਕੱਠੀ ਕੀਤੀ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਤਾਇਨਾਤ ਹੋਰ ਪੀਸੀਆਰ ਟੀਮਾਂ ਨੂੰ ਵੀ ਸੂਚਿਤ ਕਰ ਕੇ ਭਾਲ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ। ਵੱਖ-ਵੱਖ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਚੌਕਸੀ ਸਦਕਾ ਕੁਝ ਹੀ ਘੰਟਿਆਂ ਵਿੱਚ ਚੋਰੀ ਹੋਏ ਮੋਟਰਸਾਈਕਲ ਦਾ ਪਤਾ ਲਗਾ ਲਿਆ ਗਿਆ। ਮੋਟਰਸਾਈਕਲ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਨੇ ਇਸ ਨੂੰ ਉਸ ਦੇ ਅਸਲ ਮਾਲਕ ਅਮਿਤ ਕੁਮਾਰ ਦੇ ਹਵਾਲੇ ਕਰ ਦਿੱਤਾ। ਆਪਣਾ ਮੋਟਰਸਾਈਕਲ ਵਾਪਸ ਮਿਲਣ ’ਤੇ ਅਮਿਤ ਕੁਮਾਰ ਨੇ ਰਾਹਤ ਮਹਿਸੂਸ ਕੀਤੀ। ਪੁਲਿਸ ਦੀ ਇਸ ਕਾਰਵਾਈ ਨਾਲ ਉਸ ਦੀ ਮਿਹਨਤ ਦੀ ਕਮਾਈ ਨਾਲ ਖਰੀਦੇ ਵਾਹਨ ਦੀ ਵਾਪਸੀ ਸੰਭਵ ਹੋ ਸਕੀ। ਇਸ ਕਾਰਵਾਈ ਨੂੰ ਸਫ਼ਲ ਬਣਾਉਣ ਵਿੱਚ ਪੀਸੀਆਰ ਪੁਲਿਸ ਪਾਰਟੀ ਦੇ ਪੰਜ ਮੁਲਾਜ਼ਮਾਂ ਨੇ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਵਿੱਚ ਏਐੱਸਆਈ ਸੰਜੀਵ ਕੁਮਾਰ ਨੰਬਰ 1732, ਏਐੱਸਆਈ ਜਗਸੀਰ ਸਿੰਘ ਨੰਬਰ 362, ਏਐੱਸਆਈ ਸ਼ਾਮ ਲਾਲ ਨੰਬਰ 1159, ਕਾਂਸਟੇਬਲ ਵਿਕਾਸ ਕੁਮਾਰ ਨੰਬਰ 607 ਅਤੇ ਕਾਂਸਟੇਬਲ ਲਵਪ੍ਰੀਤ ਸਿੰਘ ਨੰਬਰ 987 ਸ਼ਾਮਲ ਸਨ।