ਸੇਂਟ ਜ਼ੇਵੀਅਰਜ਼ ਸਕੂਲ ਨੇ ਜਿੱਤੀ ਓਵਰਆਲ ਟਰਾਫ਼ੀ ਸੇਂਟ ਜ਼ੇਵੀਅਰਜ਼ ਸਕੂਲ ਨੇ ਜਿੱਤੀ ਓਵਰਆਲ ਟਰਾਫ਼ੀ
Publish Date: Sun, 18 Oct 2026 05:30 PM (IST)
Updated Date: Sun, 18 Oct 2026 05:33 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਸੇਂਟ ਜ਼ੇਵੀਅਰਜ਼ ਸਕੂਲ ਰਾਮਪੁਰਾ ਫੂਲ ਵਿਖੇ ਪ੍ਰੋਵਿੰਸ ਪੱਧਰੀ ਇਕ ਰੋਜ਼ਾ ਸਾਇੰਸ ਪ੍ਰਦਰਸ਼ਨੀ ਕਰਵਾਈ ਗਈ। ਇਸ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਜ਼ੇਵੀਅਰਜ਼ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਸਕੂਲ ਨੇ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਫਾਦਰ ਯੂਲੇਲੀਓ ਫਰਨਾਂਡਿਜ਼, ਪ੍ਰੋਵਿੰਸ਼ੀਅਲ ਸੁਪੀਰੀਅਰ ਦਿੱਲੀ-ਹਰਿਆਣਾ ਨੇ ਜੋਤੀ ਪ੍ਰਜਵਲਿਤ ਕਰਕੇ ਕੀਤਾ। ਇਸ ਮੌਕੇ ਟਰੇਡ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ ਬਿੱਟਾ ਵੀ ਹਾਜ਼ਰ ਸਨ। ਸਕੂਲ ਦੇ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ, ਮੈਨੇਜਰ ਫਾਦਰ ਆਂਦਰੇ ਫਰਨਾਂਡਿਜ਼ ਅਤੇ ਕੋਆਰਡੀਨੇਟਰਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨੇ ਸਵਾਗਤੀ ਗੀਤ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੀ ਲੁੱਡੀ ਰਾਹੀਂ ਸਮਾਗਮ ਨੂੰ ਰੰਗਾਰੰਗ ਬਣਾਇਆ। ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵਰਕਿੰਗ ਤੇ ਨਾਨ-ਵਰਕਿੰਗ ਮਾਡਲ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਆਤਮ-ਵਿਸ਼ਵਾਸ ਨਾਲ ਆਪਣੇ ਮਾਡਲਾਂ ਦੀ ਕਾਰਜਪ੍ਰਣਾਲੀ ਸਮਝਾਈ। ਸਾਇੰਸ ਅਧਿਆਪਕਾਂ ਸ੍ਰੀਮਤੀ ਕਾਮਨੀ ਮਿੱਤਲ ਤੇ ਸ੍ਰੀਮਤੀ ਅਮਿਤਾ ਪੈਵੀ ਨੇ ਜੱਜਾਂ ਦੀ ਭੂਮਿਕਾ ਨਿਭਾਉਂਦਿਆਂ ਮਾਡਲਾਂ ਦੀ ਗੁਣਵੱਤਾ ਤੇ ਪੇਸ਼ਕਾਰੀ ਦੇ ਆਧਾਰ ’ਤੇ ਜੇਤੂਆਂ ਦੀ ਚੋਣ ਕੀਤੀ। ਕੈਟਾਗਰੀ-1 ਵਿਚ ਸੇਂਟ ਜ਼ੇਵੀਅਰਜ਼ ਸਕੂਲ ਰਾਮਪੁਰਾ ਫੂਲ ਨੇ ਪਹਿਲਾ, ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਨੇ ਦੂਜਾ ਤੇ ਸੇਂਟ ਜੋਸਫ਼ ਸਕੂਲ ਮੰਡੀ ਡੱਬਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ। ਕੈਟਾਗਰੀ-2 ਵਿਚ ਸੇਂਟ ਜੋਸਫ਼ ਸਕੂਲ ਮੰਡੀ ਡੱਬਵਾਲੀ ਪਹਿਲੇ, ਸੇਂਟ ਜ਼ੇਵੀਅਰਜ਼ ਸਕੂਲ ਬਠਿੰਡਾ ਦੂਜੇ ਸਥਾਨ ’ਤੇ ਰਿਹਾ, ਜਦਕਿ ਸੇਂਟ ਜ਼ੇਵੀਅਰਜ਼ ਸਕੂਲ ਰਾਣੀਆਂ ਅਤੇ ਰਾਮਪੁਰਾ ਫੂਲ ਨੇ ਤੀਜਾ ਸਥਾਨ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਗਿਆਨਕ ਸੋਚ ਤੇ ਨਵੀਆਂ ਖੋਜਾਂ ਪ੍ਰਤੀ ਰੁਚੀ ਪੈਦਾ ਕਰਦੀਆਂ ਹਨ। ਅੰਤ ਵਿੱਚ ਜੇਤੂਆਂ ਨੂੰ ਟਰਾਫ਼ੀਆਂ, ਨਕਦ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ।