ਡੀਏਵੀ ਕਾਲਜ ਵਿਚ ਭਾਸ਼ਣ ਅਤੇ ਕਵਿਤਾ ਮੁਕਾਬਲੇ ਕਰਵਾਏ ਡੀਏਵੀ ਕਾਲਜ ਵਿਚ ਭਾਸ਼ਣ ਅਤੇ ਕਵਿਤਾ ਮੁਕਾਬਲੇ ਕਰਵਾਏ
Publish Date: Sat, 19 Sep 2026 04:45 PM (IST)
Updated Date: Sat, 19 Sep 2026 04:47 PM (IST)
ਸੀਨੀਅਰ ਰਿਪੋਰਟਰ ਬਠਿੰਡਾ ਡੀਏਵੀ ਕਾਲਜ ਬਠਿੰਡਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਅਗਵਾਈ ਹੇਠ ਅੰਗਰੇਜ਼ੀ ਸਾਹਿਤਕ ਸੁਸਾਇਟੀ ਵੱਲੋਂ ਭਾਸ਼ਣ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲੇ ਲਈ ‘ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਨੌਕਰੀਆਂ ਦਾ ਭਵਿੱਖ’, ‘ਡਿਜੀਟਲ ਯੁੱਗ ਵਿੱਚ ਯੁੱਧ’ ਅਤੇ ‘ਪ੍ਰਭਾਵਕ : ਨਵੀਂ ਰਾਏ’ ਵਿਸ਼ੇ ਰੱਖੇ ਗਏ, ਜਦਕਿ ਕਵਿਤਾ ਪਾਠ ਲਈ ਪ੍ਰੇਰਣਾਦਾਇਕ, ਸਮਾਜਿਕ ਅਤੇ ਦੇਸ਼ ਭਗਤੀ ਨਾਲ ਸਬੰਧਤ ਵਿਸ਼ੇ ਚੁਣੇ ਗਏ। ਮੁਕਾਬਲੇ ਵਿਚ 25 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਵਿਚਾਰ ਅਤੇ ਭਾਸ਼ਣ ਕਲਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਜੱਜਮੈਂਟਲ ਪੈਨਲ ਦੇ ਸਵਾਗਤ ਨਾਲ ਹੋਈ। ਪੈਨਲ ਵਿੱਚ ਡਾ. ਸਤੀਸ਼ ਗਰੋਵਰ, ਡਾ. ਨੀਤੂ ਪੁਰੋਹਿਤ, ਡਾ. ਮੋਨਿਕਾ ਘੁੱਲਾ ਅਤੇ ਪ੍ਰੋ. ਰਾਮਿਲ ਗੁਪਤਾ ਸ਼ਾਮਲ ਸਨ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਨੌਜਵਾਨਾਂ ਦੀ ਦੇਸ਼ ਨਿਰਮਾਣ ਵਿੱਚ ਭੂਮਿਕਾ ’ਤੇ ਚਾਨਣਾ ਪਾਉਂਦਿਆਂ ਤਕਨਾਲੋਜੀ ਦੇ ਵਧ ਰਹੇ ਪ੍ਰਭਾਵ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਸਤੀਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਅਜਿਹੇ ਸਾਹਿਤਕ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਭਾਸ਼ਣ ਮੁਕਾਬਲੇ ਵਿਚ ਜੈਸਮੀਨ ਨੇ ਪਹਿਲਾ, ਨਵਜੋਤ ਨੇ ਦੂਜਾ ਅਤੇ ਆਕਾਸ਼ਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਪਾਠ ਵਿੱਚ ਵੰਸ਼ਿਕਾ ਕੌਰ ਪਹਿਲੇ, ਸੁਖਪਾਲ ਸਿੰਘ ਦੂਜੇ ਅਤੇ ਅਮਨਦੀਪ ਤੀਜੇ ਸਥਾਨ ’ਤੇ ਰਹੇ। ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੇ ਅੰਗਰੇਜ਼ੀ ਵਿਭਾਗ ਦੇ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।