ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਧਮਾਕੇਦਾਰ ਆਗਾਜ਼ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਧਮਾਕੇਦਾਰ ਆਗਾਜ਼
Publish Date: Sun, 04 Oct 2026 05:15 PM (IST)
Updated Date: Sun, 04 Oct 2026 05:17 PM (IST)
ਪਹਿਲੇ ਦਿਨ ਭੰਗੜੇ, ਲੋਕ ਕਲਾਵਾਂ, ਸ਼ਾਸਤਰੀ ਤੇ ਸੁਗਮ ਸੰਗੀਤ ਨੇ ਬੰਨ੍ਹਿਆ ਰੰਗ; ਐੱਸਡੀਐੱਮ ਗਗਨਦੀਪ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਪੱਤਰ ਪ੍ਰੇਰਕ, ਰਾਮਪੁਰਾ ਫੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਠਿੰਡਾ-ਫ਼ਰੀਦਕੋਟ ਜ਼ੋਨਲ ਯੁਵਕ ਤੇ ਲੋਕ ਮੇਲੇ ਦਾ ਸ਼ਾਨਦਾਰ ਆਗਾਜ਼ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਹੋਇਆ। ਚਾਰ ਰੋਜ਼ਾ ਇਸ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਕਾਲਜਾਂ ਤੋਂ ਵਿਦਿਆਰਥੀਆਂ, ਟੀਮ ਇੰਚਾਰਜਾਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਉਦਘਾਟਨੀ ਸਮਾਰੋਹ ਵਿੱਚ ਐੱਸਡੀਐੱਮ ਨਿਹਾਲ ਸਿੰਘ ਵਾਲਾ ਗਗਨਦੀਪ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਐੱਸ.ਐੱਸ. ਚੱਠਾ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਡਾ. ਭੀਮ ਇੰਦਰ ਸਿੰਘ, ਡੈਨੀ ਸ਼ਰਮਾ, ਪ੍ਰੋ. ਹਰਿੰਦਰ ਹੁੰਦਲ, ਐੱਮ.ਡੀ. ਮਨਜੀਤ ਕੌਰ ਚੱਠਾ, ਸਰਵਨ ਸਿੰਘ ਚੱਠਾ, ਗੁਰਪ੍ਰੀਤ ਸਿੰਘ ਲਹਿਰਾ ਧੂਰਕੋਟ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਬਘੇਲ ਸਿੰਘ ਅਤੇ ਸਹਾਇਕ ਡਾਇਰੈਕਟਰ ਹਰਪ੍ਰੀਤ ਹੈਪੀ ਸਮੇਤ ਹੋਰ ਪਤਵੰਤੇ ਮੌਜੂਦ ਸਨ। ਸ਼ਮਾ ਰੌਸ਼ਨ ਕਰਕੇ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ ਗਈ। ਮੁੱਖ ਮਹਿਮਾਨ ਗਗਨਦੀਪ ਸ਼ਰਮਾ ਨੇ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਦੀ ਛੁਪੀ ਪ੍ਰਤਿਭਾ ਨੂੰ ਮੰਚ ਦੇਣ ਦੇ ਨਾਲ ਉਨ੍ਹਾਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੇਲੇ ਦੌਰਾਨ ਚਾਰ ਸਟੇਜਾਂ ’ਤੇ ਵੱਖ-ਵੱਖ ਕਲਾਤਮਕ, ਸੰਗੀਤਕ, ਬੌਧਿਕ ਅਤੇ ਵਿਰਾਸਤੀ ਮੁਕਾਬਲੇ ਕਰਵਾਏ ਗਏ। ਭੰਗੜਾ, ਮਾਈਮ ਅਤੇ ਸਮਾਜਿਕ ਕੁਰੀਤੀਆਂ ’ਤੇ ਆਧਾਰਿਤ ਸਕਿੱਟਾਂ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਸੰਗੀਤਕ ਮੁਕਾਬਲਿਆਂ ਵਿੱਚ ਸ਼ਬਦ/ਭਜਨ ਗਾਇਨ, ਕਲਾਸੀਕਲ ਵੋਕਲ, ਸੁਗਮ ਸੰਗੀਤ, ਗ਼ਜ਼ਲ ਅਤੇ ਸਮੂਹ ਗਾਇਨ ਦੀਆਂ ਪੇਸ਼ਕਾਰੀਆਂ ਹੋਈਆਂ। ਇਸੇ ਤਰ੍ਹਾਂ ਜਨਰਲ ਕੁਇਜ਼ ਅਤੇ ਪੰਜਾਬੀ ਲੋਕਧਾਰਾ ਤੇ ਸੱਭਿਆਚਾਰਕ ਕੁਇਜ਼ ਰਾਹੀਂ ਵਿਦਿਆਰਥੀਆਂ ਦੀ ਬੌਧਿਕ ਸਮਰੱਥਾ ਪਰਖੀ ਗਈ। ਵਿਰਾਸਤੀ ਕਲਾ ਮੁਕਾਬਲਿਆਂ ਵਿੱਚ ਕਰੋਸ਼ੀਏ ਦੀ ਬੁਣਤੀ, ਨਾਲਾ, ਕਢਾਈ, ਪੱਖੀ, ਪਰਾਂਦਾ, ਰੱਸਾ ਵੱਟਣਾ, ਟੋਕਰੀ, ਛਿੱਕੂ, ਪੀੜ੍ਹੀ ਅਤੇ ਮਿੱਟੀ ਦੇ ਖਿਡੌਣੇ ਬਣਾਉਣ ਵਰਗੀਆਂ ਰਵਾਇਤੀ ਕਲਾਵਾਂ ਦੀ ਪੇਸ਼ਕਾਰੀ ਕੀਤੀ ਗਈ। ਪਹਿਲੇ ਦਿਨ ਪੂਰਾ ਕੈਂਪਸ ਪੰਜਾਬੀ ਸੱਭਿਆਚਾਰ, ਲੋਕ ਕਲਾਵਾਂ, ਸੰਗੀਤ ਅਤੇ ਨੌਜਵਾਨੀ ਦੇ ਜੋਸ਼ ਨਾਲ ਰੰਗਿਆ ਨਜ਼ਰ ਆਇਆ।