ਰਾਸ਼ਟਰੀ ਸਵੈ ਇਛੁੱਕ ਖੂਨਦਾਨ ਦਿਵਸ ‘ਤੇ ਵਿਸ਼ੇਸ਼: ਰਾਮਪੁਰਾ ਫੂਲ ਦੀ ਖੂਨਦਾਨ ਲਹਿਰ ਨੇ ਬਣਾਈ ਵਿਲੱਖਣ ਪਛਾਣ ਰਾਸ਼ਟਰੀ ਸਵੈ ਇਛੁੱਕ ਖੂਨਦਾਨ ਦਿਵਸ ‘ਤੇ ਵਿਸ਼ੇਸ਼
Publish Date: Wed, 30 Sep 2026 03:56 PM (IST)
Updated Date: Wed, 30 Sep 2026 03:57 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ਖੂਨਦਾਨ ਮਨੁੱਖਤਾ ਦੀ ਸੇਵਾ ਦਾ ਅਜਿਹਾ ਕਾਰਜ ਹੈ, ਜਿਸ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਹਰ ਸਾਲ ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ ਮੌਕੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸੇ ਜਜ਼ਬੇ ਨਾਲ ਰਾਮਪੁਰਾ ਫੂਲ ਨੇ ਪਿਛਲੇ ਕਈ ਦਹਾਕਿਆਂ ਦੌਰਾਨ ਖੂਨਦਾਨ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸ਼ਹਿਰ ਨੂੰ ਖੂਨਦਾਨੀਆਂ ਦੇ ਸ਼ਹਿਰ ਵਜੋਂ ਜਾਣਿਆ ਜਾਣ ਲੱਗਾ ਹੈ ਅਤੇ ਇੱਥੋਂ ਦੀ ਖੂਨਦਾਨ ਲਹਿਰ ਅੱਜ ਵੀ ਲਗਾਤਾਰ ਜਾਰੀ ਹੈ। ਰਾਮਪੁਰਾ ਫੂਲ ਵਿੱਚ ਖੂਨਦਾਨ ਦੀ ਲਹਿਰ ਦੀ ਸ਼ੁਰੂਆਤ ਸਾਲ 1971 ਵਿੱਚ ਭਾਰਤ-ਪਾਕਿਸਤਾਨ ਜੰਗ ਦੌਰਾਨ ਹੋਈ ਸੀ। ਉਸ ਸਮੇਂ ਸਵ. ਪ੍ਰਿੰਸੀਪਲ ਹਜ਼ਾਰੀ ਲਾਲ ਬਾਂਸਲ, ਆਰਟਿਸਟ ਪ੍ਰੀਤਮ ਸਿੰਘ, ਕੇਐਮ. ਸਿੰਗਲਾ ਅਤੇ ਸਵ. ਪ੍ਰਕਾਸ਼ ਚੱਕਰਵਰਤੀ ਨੇ ਲੋਕਾਂ ਨੂੰ ਸਵੈ-ਇੱਛੁਕ ਖੂਨਦਾਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ 1500 ਖੂਨਦਾਨੀਆਂ ਦੀ ਸੂਚੀ ਤਿਆਰ ਕਰਕੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਬਠਿੰਡਾ ਜੈ ਸਿੰਘ ਗਿੱਲ ਨੂੰ ਸੌਂਪੀ। ਇਸ ਉਪਰਾਲੇ ਨੇ ਖੂਨਦਾਨ ਦੀ ਇਕ ਅਜਿਹੀ ਲਹਿਰ ਨੂੰ ਜਨਮ ਦਿੱਤਾ, ਜਿਸ ਨੇ ਸਮੇਂ ਦੇ ਨਾਲ ਇੱਕ ਸੰਸਥਾਗਤ ਰੂਪ ਧਾਰਨ ਕਰ ਲਿਆ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ 1 ਅਕਤੂਬਰ 1978 ਨੂੰ ਬਲੱਡ ਡੋਨਰ ਕੌਂਸਲ ਦਾ ਗਠਨ ਕੀਤਾ ਗਿਆ। ਕੌਂਸਲ ਵੱਲੋਂ ਹੁਣ ਤੱਕ ਕਰੀਬ 500 ਖੂਨਦਾਨ ਕੈਂਪ ਲਗਾ ਕੇ 30,282 ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਾ ਹੈ। ਇਹ ਖੂਨ ਪੰਜਾਬ ਦੇ ਵੱਖ-ਵੱਖ ਬਲੱਡ ਬੈਂਕਾਂ ਨੂੰ ਭੇਜਿਆ ਗਿਆ, ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਇਆ ਜਾ ਸਕੇ। ਸੈਂਕੜੇ ਵਾਰ ਖੂਨਦਾਨ ਕਰਕੇ ਬਣੇ ਮਿਸਾਲ ਬਲੱਡ ਡੋਨਰ ਕੌਂਸਲ ਦੀ ਪ੍ਰੇਰਣਾ ਨਾਲ ਕਈ ਖੂਨਦਾਨੀ ਲੰਮੇ ਸਮੇਂ ਤੋਂ ਇਸ ਮੁਹਿੰਮ ਨਾਲ ਜੁੜੇ ਹੋਏ ਹਨ। ਕੌਂਸਲ ਨਾਲ ਜੁੜੇ ਕਰੀਬ 200 ਖੂਨਦਾਨੀ 50 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੇ ਹਨ, ਜਦਕਿ 15 ਖੂਨਦਾਨੀਆਂ ਵੱਲੋਂ 100 ਤੋਂ ਵੱਧ ਵਾਰ ਖੂਨਦਾਨ ਕੀਤਾ ਜਾ ਚੁੱਕਾ ਹੈ। ਮਨੋਹਰ ਸਿੰਘ ਨੇ 57 ਵਾਰ ਖੂਨਦਾਨ ਕਰਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਸੁਰਿੰਦਰ ਗਰਗ ਨੇ 150 ਵਾਰ ਅਤੇ ਪਵਨ ਮਹਿਤਾ ਨੇ 132 ਵਾਰ ਖੂਨਦਾਨ ਕੀਤਾ ਹੈ। ਉਨ੍ਹਾਂ ਦੀ ਲਗਾਤਾਰ ਸੇਵਾ ਹੋਰਨਾਂ ਲੋਕਾਂ ਲਈ ਵੀ ਪ੍ਰੇਰਣਾ ਬਣੀ ਹੋਈ ਹੈ। ਇਸ ਖੂਨਦਾਨ ਲਹਿਰ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਕਈ ਪਰਿਵਾਰ ਅਤੇ ਪਤੀ-ਪਤਨੀ ਦੇ ਜੋੜੇ ਵੀ ਨਿਯਮਿਤ ਤੌਰ ’ਤੇ ਖੂਨਦਾਨ ਕਰਦੇ ਆ ਰਹੇ ਹਨ। ਸਨਮਾਨਾਂ ਨਾਲ ਵੀ ਨਿਵਾਜਿਆ ਗਿਆ ਖੂਨਦਾਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਵ. ਹਜ਼ਾਰੀ ਲਾਲ ਬਾਂਸਲ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸੇ ਤਰ੍ਹਾਂ ਅਨਿਲ ਸਰਾਫ਼ ਨੂੰ ਖੂਨਦਾਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਰੋਜ ਸ਼ਾਹੀ ਅਤੇ ਸ਼ੀਲਾ ਦੇਵੀ ਨੇ ਵੀ ਖੂਨਦਾਨ ਦੇ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਹੈ। ਉੱਘੇ ਸਮਾਜ ਸੇਵੀ ਪ੍ਰੀਤਮ ਸਿੰਘ ਆਰਟਿਸਟ ਅਤੇ ਸਟੇਟ ਐਵਾਰਡੀ ਪਵਨ ਮਹਿਤਾ ਦੱਸਦੇ ਹਨ ਕਿ ਪੁਰਾਣੇ ਸਮੇਂ ਵਿੱਚ ਲੋਕਾਂ ਵਿੱਚ ਖੂਨਦਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਭਰਮ ਅਤੇ ਡਰ ਮੌਜੂਦ ਸਨ। ਬਲੱਡ ਡੋਨਰ ਕੌਂਸਲ ਵੱਲੋਂ ਲਗਾਤਾਰ ਕੀਤੇ ਗਏ ਜਾਗਰੂਕਤਾ ਉਪਰਾਲਿਆਂ ਕਾਰਨ ਲੋਕਾਂ ਦੀ ਸੋਚ ਵਿੱਚ ਬਦਲਾਅ ਆਇਆ ਅਤੇ ਅੱਜ ਵੱਡੀ ਗਿਣਤੀ ਵਿੱਚ ਲੋਕ ਆਪਣੀ ਮਰਜ਼ੀ ਨਾਲ ਖੂਨਦਾਨ ਕਰਨ ਲਈ ਅੱਗੇ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਨਮਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਖੁਸ਼ੀ ਦੇ ਮੌਕਿਆਂ ਨੂੰ ਖੂਨਦਾਨ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਖੂਨਦਾਨ ਸਿਰਫ਼ ਇਕ ਯੂਨਿਟ ਖੂਨ ਦੇਣ ਦਾ ਕਾਰਜ ਨਹੀਂ, ਸਗੋਂ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿੱਚ ਸਿੱਧਾ ਯੋਗਦਾਨ ਹੈ। ਰਾਮਪੁਰਾ ਫੂਲ ਦੀ ਦਹਾਕਿਆਂ ਪੁਰਾਣੀ ਖੂਨਦਾਨ ਲਹਿਰ ਇਸ ਗੱਲ ਦੀ ਮਿਸਾਲ ਹੈ ਕਿ ਲੋਕਾਂ ਦੀ ਸਾਂਝੀ ਸੋਚ ਅਤੇ ਸੇਵਾ ਭਾਵਨਾ ਨਾਲ ਸਮਾਜ ਵਿੱਚ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ।