ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ, ਕਿਲ੍ਹਾ ਮੁਬਾਰਕ ਸਾਹਿਬ ਤੋਂ ਹੋਈ ਸ਼ੁਰੂਆਤ; ਐਮ-ਸੇਵਾ ਰਾਹੀਂ ਤਸਵੀਰ ਪਾ ਕੇ ਦਰਜ ਕਰਵਾ ਸਕਣਗੇ ਸ਼ਿਕਾਇਤ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ, ਕਿਲ੍ਹਾ ਮੁਬਾਰਕ ਸਾਹਿਬ ਤੋਂ ਹੋਈ ਸ਼ੁਰੂਆਤ; ਐਮ-ਸੇਵਾ ਰਾਹੀਂ ਤਸਵੀਰ ਪਾ ਕੇ ਦਰਜ ਕਰਵਾ ਸਕਣਗੇ ਸ਼ਿਕਾਇਤ
Publish Date: Sat, 29 Aug 2026 05:23 PM (IST)
Updated Date: Sat, 29 Aug 2026 05:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ। ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਬਠਿੰਡਾ ਵਿਚ ਵੀ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦੌਰਾਨ ਸ਼ਹਿਰ ਵਿਚ ਬਣੇ ਗ਼ੈਰ-ਕਾਨੂੰਨੀ ਕੂੜੇ ਦੇ ਢੇਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਟਾਉਣ ਦੇ ਨਾਲ-ਨਾਲ ਜਨਤਕ ਥਾਵਾਂ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਵੱਲ ਵੀ ਖ਼ਾਸ ਧਿਆਨ ਦਿੱਤਾ ਜਾਵੇਗਾ। ਮੁਹਿੰਮ ਦੌਰਾਨ ਵਿਧਾਇਕ ਤੇ ਸਬੰਧਤ ਅਧਿਕਾਰੀ ਹਰ ਰੋਜ਼ ਸਵੇਰੇ ਸੱਤ ਤੋਂ ਅੱਠ ਵਜੇ ਤੱਕ ਮੌਕੇ ’ਤੇ ਮੌਜੂਦ ਰਹਿ ਕੇ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਜਾਇਜ਼ਾ ਲੈਣਗੇ। ਨਗਰ ਨਿਗਮ ਵੱਲੋਂ ਸ਼ਨੀਵਾਰ ਨੂੰ ਕਿਲ੍ਹਾ ਮੁਬਾਰਕ ਸਾਹਿਬ ਤੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਨਿਗਮ ਕਮਿਸ਼ਨਰ ਲਵਜੀਤ ਕਲਸੀ ਦੀ ਅਗਵਾਈ ਹੇਠ ਨਿਗਮ ਮੁਲਾਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਫ਼ਾਈ ਕੀਤੀ। ਖ਼ਾਸ ਤੌਰ ’ਤੇ ਉਨ੍ਹਾਂ ਥਾਵਾਂ ਦੀ ਸਫ਼ਾਈ ਕਰਵਾਈ ਗਈ, ਜਿੱਥੇ ਲੋਕਾਂ ਵੱਲੋਂ ਮਨਮਰਜ਼ੀ ਨਾਲ ਕੂੜਾ ਸੁੱਟੇ ਜਾਣ ਕਾਰਨ ਗੰਦਗੀ ਫੈਲ ਰਹੀ ਸੀ ਤੇ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੋ ਰਹੀ ਸੀ। ਗ਼ੈਰ-ਕਾਨੂੰਨੀ ਕੂੜੇ ਦੇ ਢੇਰਾਂ ਦੀ ਹੋਵੇਗੀ ਪਛਾਣ ‘ਸਾਫ਼ ਪੰਜਾਬ ਮੁਹਿੰਮ’ ਤਹਿਤ ਬਠਿੰਡਾ ਸ਼ਹਿਰ ਸਮੇਤ ਕਸਬਿਆਂ ਵਿਚ ਬਣੇ ਗ਼ੈਰ-ਕਾਨੂੰਨੀ ਕੂੜੇ ਦੇ ਢੇਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਟਾਇਆ ਜਾਵੇਗਾ। ਇਸ ਮੁਹਿੰਮ ਦਾ ਮਕਸਦ ਸਿਰਫ਼ ਮੌਜੂਦਾ ਕੂੜੇ ਦੀ ਸਫ਼ਾਈ ਕਰਨਾ ਹੀ ਨਹੀਂ, ਸਗੋਂ ਸਫ਼ਾਈ ਹੋਣ ਤੋਂ ਬਾਅਦ ਮੁੜ ਉਨ੍ਹਾਂ ਥਾਵਾਂ ’ਤੇ ਕੂੜਾ ਇਕੱਠਾ ਹੋਣ ਤੋਂ ਰੋਕਣਾ ਵੀ ਹੈ। ਇਸ ਲਈ ਸਥਾਨਕ ਪੱਧਰ ’ਤੇ ਲੋਕ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਸਫ਼ਾਈ ਵਿਵਸਥਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਕਿਹਾ ਕਿ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਪ੍ਰਸ਼ਾਸਨ ਦੇ ਨਾਲ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਵੀ ਜ਼ਰੂਰੀ ਹੈ। ਨਗਰ ਨਿਗਮ ਵੱਲੋਂ ਹਰ ਰੋਜ਼ ਸਫ਼ਾਈ ਕਰਵਾਈ ਜਾਂਦੀ ਹੈ, ਪਰ ਵਿਸ਼ੇਸ਼ ਮੁਹਿੰਮ ਤਹਿਤ ਉਨ੍ਹਾਂ ਥਾਵਾਂ ’ਤੇ ਵੀ ਸਫ਼ਾਈ ਕਰਵਾਈ ਜਾ ਰਹੀ ਹੈ, ਜਿੱਥੇ ਕਿਸੇ ਕਾਰਨ ਕਰਕੇ ਰੋਜ਼ਾਨਾ ਸਫ਼ਾਈ ਨਹੀਂ ਹੋ ਸਕਦੀ। ਐਮ-ਸੇਵਾ ਰਾਹੀਂ ਤਸਵੀਰ ਪਾ ਕੇ ਕਰ ਸਕਣਗੇ ਸ਼ਿਕਾਇਤ ਸ਼ਹਿਰ ਵਾਸੀ ਆਪਣੇ ਆਲੇ-ਦੁਆਲੇ ਬਣੇ ਗ਼ੈਰ-ਕਾਨੂੰਨੀ ਕੂੜੇ ਦੇ ਢੇਰਾਂ ਦੀਆਂ ਤਸਵੀਰਾਂ ਪੰਜਾਬ ਸਰਕਾਰ ਦੀ ਐਮ-ਸੇਵਾ ਸਹੂਲਤ ’ਤੇ ਪਾ ਕੇ ਸ਼ਿਕਾਇਤ ਦਰਜ ਕਰਵਾ ਸਕਣਗੇ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਸ ਨੂੰ ਵੱਖਰਾ ਪਛਾਣ ਨੰਬਰ ਦਿੱਤਾ ਜਾਵੇਗਾ, ਜਿਸ ਰਾਹੀਂ ਸ਼ਿਕਾਇਤ ਕਰਨ ਵਾਲਾ ਕਾਰਵਾਈ ਦੀ ਸਥਿਤੀ ਬਾਰੇ ਜਾਣਕਾਰੀ ਲੈ ਸਕੇਗਾ। ਸਬੰਧਤ ਵਿਭਾਗ ਦੇ ਅਧਿਕਾਰੀ ਮੌਕੇ ਦੀ ਸਫ਼ਾਈ ਯਕੀਨੀ ਬਣਾਉਣ ਲਈ ਲੋੜੀਂਦੀ ਕਾਰਵਾਈ ਕਰਨਗੇ। ਲੋਕਾਂ ਤੋਂ ਸਹਿਯੋਗ ਦੀ ਅਪੀਲ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਤੈਅ ਕੀਤੇ ਕੂੜਾ ਸੁੱਟਣ ਵਾਲੇ ਥਾਂ ਜਾਂ ਕੂੜਾ ਇਕੱਠਾ ਕਰਨ ਵਾਲੀ ਥਾਂ ’ਤੇ ਹੀ ਪਾਉਣ ਅਤੇ ਸੜਕਾਂ ਦੇ ਕਿਨਾਰਿਆਂ ਜਾਂ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ। ਉਨ੍ਹਾਂ ਕਿਹਾ ਕਿ ਸਫ਼ਾਈ ਹੋਣ ਤੋਂ ਬਾਅਦ ਜੇ ਲੋਕ ਮੁੜ ਜਨਤਕ ਥਾਵਾਂ ’ਤੇ ਕੂੜਾ ਸੁੱਟਣਗੇ ਤਾਂ ਮੁਹਿੰਮ ਦਾ ਮਕਸਦ ਪੂਰਾ ਨਹੀਂ ਹੋ ਸਕੇਗਾ। ‘ਸਾਫ਼ ਪੰਜਾਬ ਮੁਹਿੰਮ’ ਨੂੰ ਸਿਰਫ਼ ਸਰਕਾਰੀ ਮੁਹਿੰਮ ਤੱਕ ਸੀਮਤ ਰੱਖਣ ਦੀ ਬਜਾਏ ਲੋਕ ਲਹਿਰ ਦਾ ਰੂਪ ਦੇਣ ਲਈ ਲੋਕਾਂ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ ਹੈ। ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗ਼ੈਰ-ਕਾਨੂੰਨੀ ਕੂੜੇ ਦੇ ਢੇਰ ਹਟਾਉਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ।