ਕੈਂਪ ਦੌਰਾਨ ਗਰਭਵਤੀਆਂ ਦੀ ਕੀਤੀ ਗਈ ਜਾਂਚ ਵਧੇਰੇ ਸਿਹਤ ਸਾਵਧਾਨੀ ਦੀ ਲੋੜ ਵਾਲੀਆਂ ਗਰਭਵਤੀ ਔਰਤਾਂ ਲਈ ਵਿਸ਼ੇਸ਼ ਜਾਂਚ ਕੈਂਪ ਲਾਇਆ
Publish Date: Wed, 09 Sep 2026 06:44 PM (IST)
Updated Date: Thu, 10 Sep 2026 04:02 AM (IST)
* ਗਰਭਵਤੀਆਂ ਨੂੰ ਸੰਤੁਲਿਤ ਤੇ ਪੌਸ਼ਟਿਕ ਖੁਰਾਕ, ਆਇਰਨ-ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਦੀ ਮਹੱਤਤਾ, ਨਿਯਮਤ ਸਿਹਤ ਜਾਂਚ ਤੇ ਸੰਸਥਾਗਤ ਡਿਲੀਵਰੀ ਬਾਰੇ ਜਾਗਰੂਕ ਕੀਤਾ ਫੋਟੋ : 26 ਕੈਪ਼ਸਨ : ਵਿਸ਼ੇਸ਼ ਸਿਹਤ ਜਾਂਚ ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਅਤੇ ਗਰਭਵਤੀ ਮਹਿਲਾਵਾਂ ਜਾਗਰੂਕਤਾ ਬੈਨਰ ਨਾਲ। ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਨਿਯਮਤ ਸਿਹਤ ਜਾਂਚ, ਵਧੇਰੇ ਸਿਹਤ ਸਾਵਧਾਨੀ ਦੀ ਲੋੜ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਤੇ ਉਨ੍ਹਾਂ ਨੂੰ ਸਮੇਂ ਸਿਰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜੱਚਾ-ਬੱਚਾ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਮਾਤ੍ਰਿਤਵ ਅਭਿਆਨ ਤਹਿਤ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਵੱਲੋਂ ਗਰਭਵਤੀ ਔਰਤਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਇਸ ਦੌਰਾਨ ਬਲੱਡ ਪ੍ਰੈਸ਼ਰ, ਹੀਮੋਗਲੋਬਿਨ, ਬਲੱਡ ਸ਼ੂਗਰ ਸਮੇਤ ਲੋੜ ਅਨੁਸਾਰ ਹੋਰ ਟੈਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ, ਆਇਰਨ-ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਦੀ ਮਹੱਤਤਾ, ਨਿਯਮਤ ਸਿਹਤ ਜਾਂਚ ਅਤੇ ਸੰਸਥਾਗਤ ਡਿਲੀਵਰੀ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਬਜ਼ਾਰੂ ਜੰਕ ਫੂਡ, ਕੋਲਡ ਡਰਿੰਕਸ ਅਤੇ ਗਰਭ ਅਵਸਥਾ ਦੌਰਾਨ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਤੋਂ ਹੋਣ ਵਾਲੇ ਸੰਭਾਵਿਤ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਡਾ. ਛਵਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਤ੍ਰਿਤਵ ਅਭਿਆਨ ਦਾ ਮੁੱਖ ਉਦੇਸ਼ ਹਰ ਗਰਭਵਤੀ ਔਰਤ ਨੂੰ ਗੁਣਵੱਤਾ ਭਰਪੂਰ ਅਤੇ ਮੁਫ਼ਤ ਜਣੇਪਾ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਵਧੇਰੇ ਸਿਹਤ ਸਾਵਧਾਨੀ ਦੀ ਲੋੜ ਵਾਲੀਆਂ ਗਰਭਵਤੀ ਔਰਤਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦੀ ਨਿਗਰਾਨੀ ਅਤੇ ਲੋੜ ਪੈਣ ’ਤੇ ਉੱਚ ਪੱਧਰੀ ਸਿਹਤ ਸੰਸਥਾ ਵਿੱਚ ਰੈਫਰਲ ਯਕੀਨੀ ਬਣਾਇਆ ਜਾਂਦਾ ਹੈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਲਖਵਿੰਦਰ ਸਿੰਘ ਕੈਂਥ ਨੇ ਗਰਭਵਤੀ ਔਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਪਲਬਧ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਚਰਨਪਾਲ ਕੌਰ ਅਤੇ ਏਐੱਨਐੱਮ ਰਾਜਵਿੰਦਰ ਕੌਰ ਵੀ ਹਾਜ਼ਰ ਸਨ।