ਪਿੰਡ ਗੁਰਥੜੀ ਵਿਚ ਚੋਰੀਆਂ ਦਾ ਸਿਲਸਿਲਾ ਜਾਰੀ, ਇਕ ਮਹੀਨੇ ’ਚ ਤੀਜੀ ਵਾਰਦਾਤ ਪਿੰਡ ਗੁਰਥੜੀ ਵਿਚ ਚੋਰੀਆਂ ਦਾ ਸਿਲਸਿਲਾ ਜਾਰੀ, ਇਕ ਮਹੀਨੇ ਵਿਚ ਤੀਜੀ ਵਾਰਦਾਤ
Publish Date: Mon, 12 Oct 2026 05:40 PM (IST)
Updated Date: Mon, 12 Oct 2026 05:41 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ, ਪਿੰਡ ਗੁਰਥੜੀ ਵਿਖੇ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਇਕ ਮਹੀਨੇ ਦੌਰਾਨ ਪਿੰਡ ਵਿਚ ਚੋਰੀ ਦੀ ਇਹ ਤੀਜੀ ਵਾਰਦਾਤ ਸਾਹਮਣੇ ਆਉਣ ਨਾਲ ਪਿੰਡ ਵਾਸੀਆਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੰਘੀ ਰਾਤ ਚੋਰਾਂ ਨੇ ਗੁਰਪ੍ਰੀਤ ਸਿੰਘ ਪੁੱਤਰ ਗੁਰਨੇਕ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਡੇਢ ਤੋਲਾ ਸੋਨਾ, ਚਾਰ ਤੋਲੇ ਚਾਂਦੀ ਤੇ ਇਕ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਦਾ ਪਤਾ ਲੱਗਣ ’ਤੇ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਚੋਰਾਂ ਨੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਘਰ ਵਿਚੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਇਕ ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਉਹ ਸਵੇਰੇ ਉੱਠੇ ਤਾਂ ਘਰ ਦਾ ਸਾਮਾਨ ਖਿਲਰਿਆ ਹੋਇਆ ਸੀ। ਘਰ ਵਿਚ ਪਈਆਂ ਪੇਟੀਆਂ ਅਤੇ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੋਰੀ ਹੋਣ ਬਾਰੇ ਪਤਾ ਲੱਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਦਿਆਂ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਮਹੀਨੇ ’ਚ ਤੀਜੀ ਚੋਰੀ, ਲੋਕਾਂ ਦੀ ਚਿੰਤਾ ਵਧੀ ਪਿੰਡ ਗੁਰਥੜੀ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਪਿੰਡ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਕ ਤੋਂ ਬਾਅਦ ਇਕ ਘਰ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਹੁਣ ਉਨ੍ਹਾਂ ਨੂੰ ਆਪਣੇ ਘਰਾਂ ਅਤੇ ਕੀਮਤੀ ਸਾਮਾਨ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਪਿੰਡ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਗਸ਼ਤ ਵਧਾਉਣ ਦੀ ਮੰਗ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ। ਇਸ ਦੇ ਨਾਲ ਹੀ ਪਿੰਡ ਵਿਚ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ, ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।