ਕੁੱਟਮਾਰ ਕਰਕੇ ਬਦਮਾਸ਼ਾਂ ਨੇ ਡਰਾਈਵਰ ਤੋਂ ਕਾਰ ਖੋਹੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਡਰਾਈਵਰ ਤੋਂ ਕਾਰ ਖੋਹੀ
Publish Date: Fri, 21 Aug 2026 04:00 PM (IST)
Updated Date: Fri, 21 Aug 2026 04:03 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਵਿਚ ਅੱਧੀ ਰਾਤ ਨੂੰ ਕਾਰ ਖੋਹਣ ਦੀ ਵਾਰਦਾਤ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਿੱਤਲ ਮਾਲ ਨੇੜੇ ਵਾਪਰੀ ਇਸ ਘਟਨਾ ਵਿਚ 4-5 ਬਦਮਾਸ਼ਾਂ ਨੇ ਇਕ ਕਾਰ ਚਾਲਕ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਜ਼ਬਰਦਸਤੀ ਕਾਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਪੁਲਿਸ ਜਾਂਚ ਵਿਚ ਜੁਟ ਗਈ ਹੈ। ਜਾਣਕਾਰੀ ਅਨੁਸਾਰ ਕਰਨਾਲ ਤੋਂ ਬਠਿੰਡਾ ਆਏ ਇਕ ਵਪਾਰੀ ਮਿੱਤਲ ਮਾਲ ਨੇੜੇ ਸਥਿਤ ਇਕ ਹੋਟਲ ਵਿੱਚ ਠਹਿਰੇ ਹੋਏ ਸਨ। ਉਨ੍ਹਾਂ ਨੇ ਆਪਣੇ ਡਰਾਈਵਰ ਸੁਮਿਤ ਕੁਮਾਰ ਨੂੰ ਰਾਤ ਸਮੇਂ ਕੁਝ ਸਾਮਾਨ ਲੈਣ ਲਈ ਕਾਰ ਵਿੱਚ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 11.30 ਵਜੇ ਜਦੋਂ ਡਰਾਈਵਰ ਮਿੱਤਲ ਮਾਲ ਨੇੜੇ ਪਹੁੰਚਿਆ ਤਾਂ ਪਹਿਲਾਂ ਤੋਂ ਮੌਜੂਦ 4-5 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਡਰਾਈਵਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਉਸ ਨੂੰ ਡਰਾ-ਧਮਕਾ ਕੇ ਕਾਰ ਆਪਣੇ ਕਬਜ਼ੇ ਵਿੱਚ ਲੈ ਲਈ। ਇਸ ਤੋਂ ਬਾਅਦ ਸਾਰੇ ਬਦਮਾਸ਼ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਖੋਹੀ ਗਈ ਕਾਰ ਟਾਟਾ ਕੰਪਨੀ ਦੀ ਦੱਸੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਪੀੜਤ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ’ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਪੁਲਿਸ ਨੇ ਕਾਰ ਖੋਹਣ ਵਾਲੇ ਲੁਟੇਰਾ ਗਿਰੋਹ ਦੀ ਪਛਾਣ ਕਰ ਲਈ ਹੈ ਅਤੇ ਇਸ ਮਾਮਲੇ ਵਿੱਚ ਇਕ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤਕ ਮੁਲਜ਼ਮ ਦੀ ਪਛਾਣ ਜਾਂ ਵਾਰਦਾਤ ਸਬੰਧੀ ਹੋਰ ਵੇਰਵੇ ਅਧਿਕਾਰਤ ਤੌਰ ’ਤੇ ਜਾਰੀ ਨਹੀਂ ਕੀਤੇ ਗਏ ਹਨ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਬਾਕੀ ਸਾਥੀਆਂ ਅਤੇ ਖੋਹੀ ਗਈ ਕਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਹਿਰ ਦੇ ਇਸ ਇਲਾਕੇ ਵਿੱਚ ਰਾਤ ਸਮੇਂ ਵਾਪਰੀ ਇਸ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਤੋਂ ਬਾਅਦ ਮਿੱਤਲ ਮਾਲ ਅਤੇ ਆਸ-ਪਾਸ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਡਰ ਤੇ ਚਿੰਤਾ ਦਾ ਮਾਹੌਲ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।