ਬਾਹਰਲੇ ਸੂਬਿਆਂ ਆ ਰਹੇ ਝੋਨੇ ਦੇ ਭਰੇ ਟਰਾਲੇ ਫੜੇ
ਬਾਹਰਲੇ ਸੂਬਿਆਂ ਤੋਂ ਪੰਜਾਬ ਅੰਦਰ ਝੋਨੇ ਦੀ ਸਮਗਲਿੰਗ ਸ਼ੁਰੂ, ਕਿਸਾਨਾਂ ਨੇ ਝੋਨੇ ਦੇ ਭਰੇ ਟਰਾਲੇ ਫੜੇ
Publish Date: Sun, 11 Oct 2026 06:58 PM (IST)
Updated Date: Sun, 11 Oct 2026 06:59 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਬਾਹਰਲੇ ਸੂਬਿਆਂ ’ਚੋਂ ਝੋਨੇ ਦੀ ਸਮਗਲਿੰਗ ਸ਼ੁਰੂ ਹੋ ਗਈ ਹੈ। ਬਾਹਰਲੇ ਸੂਬਿਆਂ ’ਚੋਂ ਸਸਤੇ ਰੇਟ ਝੋਨਾ ਲਿਆ ਕੇ ਪੰਜਾਬ ਅੰਦਰ ਮਹਿੰਗੀ ਐੱਮਐੱਸਪੀ ’ਤੇ ਵੇਚਣ ਦਾ ਗੋਰਖ ਧੰਦਾ ਚੱਲ ਪਿਆ ਹੈ। ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ ਅਜਿਹੇ ਝੋਨੇ ਨਾਲ ਭੜੇ ਟਰਾਲੇ ਫੜੇ ਹਨ ਜਿਹੜੇ ਬਾਹਰਲੇ ਸੂਬਿਆਂ ਤੋਂ ਪੰਜਾਬ ਅੰਦਰ ਆ ਰਹੇ ਸਨ। ਪਿੰਡ ਗਹਿਲੇਵਾਲਾ ਵਿਚ ਕਿਸਾਨਾਂ ਨੇ ਦੂਜੇ ਰਾਜ ਤੋਂ ਸ਼ੈਲਰ ਵਿਚ ਝੋਨਾ ਲੈ ਕੇ ਆਉਣ ਵਾਲੇ ਦੋ ਟਰੱਕਾਂ ਨੂੰ ਘੇਰ ਲਿਆ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਪਾਬੰਦੀਆਂ ਦੇ ਬਾਵਜੂਦ, ਦੂਜੇ ਰਾਜਾਂ ਤੋਂ ਝੋਨੇ ਦੇ ਟਰੱਕ ਲਗਾਤਾਰ ਆ ਰਹੇ ਸਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਰੋਕਿਆ। ਉਨ੍ਹਾਂ ਗੁੱਸਾ ਪ੍ਰਗਟ ਕੀਤਾ ਕਿ ਸਥਾਨਕ ਕਿਸਾਨਾਂ ਦਾ ਝੋਨਾ ਮੰਡੀਆਂ ਅਤੇ ਖੇਤਾਂ ਵਿਚ ਪਿਆ ਹੈ, ਜਦੋਂ ਕਿ ਸ਼ੈਲਰ ਮਾਲਕ ਦੂਜੇ ਰਾਜਾਂ ਤੋਂ ਝੋਨਾ ਖਰੀਦ ਰਹੇ ਹਨ। ਇਸ ਦੌਰਾਨ ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਸਰਕਾਰ ਨੂੰ ਸ਼ੈਲਰ ਮਾਲਕਾਂ ਅਤੇ ਖਰੀਦ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।