ਸਬਜ਼ੀ ਰੇਹੜੀਆਂ ਵਾਲੇ ਛੋਟੇ ਦੁਕਾਨਦਾਰਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸਬਜ਼ੀ ਰੇੜੀਆਂ ਵਾਲੇ ਛੋਟੇ ਦੁਕਾਨਦਾਰਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਖਿਲਾਫ ਕੀਤੀ ਨਾਅਰੇਬਾਜੀ
Publish Date: Fri, 14 Aug 2026 04:32 PM (IST)
Updated Date: Fri, 14 Aug 2026 04:32 PM (IST)
ਥੋਕ ਵਪਾਰੀਆਂ ਵਲੋਂ ਛੋਟੇ ਦੁਕਾਨਦਾਰਾਂ ਦੀ ਕੀਤੀ ਜਾ ਰਹੀ ਲੁੱਟ ਤੇ ਮਾਰਕੀਟ ਫੀਸ ਦੀ ਚੋਰੀ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸਥਾਨਕ ਸਬਜ਼ੀ ਮੰਡੀ ਅੰਦਰ ਅੱਜ ਉਸ ਸਮੇਂ ਭਾਰੀ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਰੇਹੜੀਆਂ ਵਾਲਿਆਂ ਤੋਂ ਪ੍ਰਤੀ ਰੇੜੀ ਦੇ ਹਿਸਾਬ ਨਾਲ ਪਰਚੀ ਕੱਟ ਕੇ ਰੁਪਏ ਵਸੂਲਣੇ ਸ਼ੁਰੂ ਕਰ ਦਿੱਤੇ। ਇਸ ਦਾ ਵਿਰੋਧ ਕਰਦਿਆਂ ਰੇਹੜੀ ਮਾਲਕਾਂ ਨੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਆਪਣਾ ਰੋਸ ਪ੍ਰਗਟਾਉਂਦਿਆਂ ਰੇੜੀ ਵਾਲਿਆਂ ਨੇ 15 ਅਗਸਤ ਨੂੰ ਸਬਜ਼ੀ ਮੰਡੀ ਚੋਂ ਸਬਜ਼ੀ ਨਾ ਖਰੀਦਣ ਤੇ ਮਾਰਕੀਟ ਕਮੇਟੀ ਮੌੜ ਦੇ ਦਫ਼ਤਰ ਅੱਗੇ ਭਰਵਾਂ ਧਰਨਾ ਦੇਣ ਦਾ ਐਲਾਨ ਕੀਤਾ ਹੈ। ਰੇਹੜੀ ਮਾਲਕਾਂ ਨੇ ਦੱਸਿਆ ਆਪਣਾ ਦੁੱਖ-ਦਰਦ ਦੱਸਦਿਆਂ ਕਿਹਾ ਕਿ ਉਹ ਰੋਜ਼ਾਨਾ ਲਗਭਗ 1500 ਤੋਂ 2000 ਰੁਪਏ ਦੀ ਸਬਜ਼ੀ ਖਰੀਦ ਕੇ ਪਿੰਡਾਂ ਅਤੇ ਮੁਹੱਲਿਆਂ ਚ ਵੇਚਦੇ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਚੋਂ ਖਰੀਦੀ ਸਬਜ਼ੀ ਤੇ ਆੜ੍ਹਤੀਆਂ ਵੱਲੋਂ ਪਹਿਲਾਂ ਹੀ 8 ਤੋਂ 10% ਕਮਿਸ਼ਨ ਵਸੂਲਿਆ ਜਾਂਦਾ ਹੈ। ਇਸ ਤੋਂ ਇਲਾਵਾ ਰੇਹੜੀ ਦਾ ਆਪਣਾ ਰੋਜ਼ਾਨਾ ਖਰਚਾ ਵੀ 100 ਤੋਂ 150 ਰੁਪਏ ਆ ਜਾਂਦਾ ਹੈ। ਹੁਣ ਮਾਰਕੀਟ ਕਮੇਟੀ ਵੱਲੋਂ 20 ਰੁਪਏ ਪ੍ਰਤੀ ਰੇੜੀ ਰੋਜ਼ਾਨਾ ਦੀ ਨਵੀਂ ਪਰਚੀ ਲਗਾ ਦਿੱਤੀ ਗਈ ਹੈ, ਜੋ ਉਨ੍ਹਾਂ ਦੀ ਜੇਬ ਤੇ ਵਾਧੂ ਬੋਝ ਹੈ ਤੇ ਇਹ ਦੇਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ। ਰੇਹੜੀ ਵਾਲਿਆਂ ਨੇ ਪੱਤਰਕਾਰਾਂ ਨੂੰ ਮੰਡੀ ਦੀਆਂ ਮਾੜੀਆਂ ਸਹੂਲਤਾਂ ਦਿਖਾਉਂਦਿਆਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਮੰਡੀ ਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਅਵਾਰਾ ਪਸ਼ੂਆਂ ਦੀ ਭਰਮਾਰ ਹੈ। ਅਕਸਰ ਜਦੋਂ ਰੇਹੜੀ ਵਾਲੇ ਸਬਜ਼ੀ ਖਰੀਦਣ ਜਾਂਦੇ ਹਨ ਤਾਂ ਪਿੱਛੋਂ ਅਵਾਰਾ ਪਸ਼ੂ ਰੇਹੜੀ ਚੋਂ ਸਬਜ਼ੀ ਖਾ ਜਾਂਦੇ ਹਨ। ਮੰਡੀ ਚ ਬਣੇ ਸ਼ੋਚਾਲਯ ਜਾਂ ਤਾਂ ਵਰਤੋਂ ਯੋਗ ਨਹੀਂ ਹਨ ਜਾਂ ਉਨ੍ਹਾਂ ਤੇ ਜਿੰਦੇ ਲੱਗੇ ਹੋਏ, ਪੀਣ ਵਾਲੇ ਠੰਡੇ ਪਾਣੀ ਦੇ ਕੂਲਰ ਤੇ ਸਿਰਫ਼ ਇੱਕ ਹੀ ਟੂਟੀ ਚੱਲਦੀ ਹੈ, ਬਾਕੀ ਟੂਟੀਆਂ ਜੁਗਾੜੂ ਤਰੀਕੇ ਨਾਲ ਡੰਡੇ ਫਸਾ ਕੇ ਬੰਦ ਕੀਤੀਆਂ ਹੋਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਥੋਕ ਚ ਫ਼ਲ ਤੇ ਸਬਜ਼ੀਆਂ ਮਹਿੰਗੇ ਭਾਅ ਵੇਚੀਆਂ ਜਾਂਦੀਆਂ ਹਨ, ਜਦਕਿ ਵਪਾਰੀ ਆਪਣੇ ਰਜਿਸਟਰਾਂ ਚ ਘੱਟ ਰੇਟ ਦਰਜ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਹਨ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਚ ਆਉਣ ਵਾਲੀਆਂ ਰੇਹੜੀਆਂ ਦੀ ਪਰਚੀ ਮੰਡੀ ਬੋਰਡ ਦੇ ਹੁਕਮਾਂ ਮੁਤਾਬਿਕ ਹੀ ਕੱਟੀ ਜਾ ਰਹੀ ਹੈ, ਜੋ ਹਰ ਰੇਹੜੀ ਵਾਲੇ ਲਈ ਦੇਣੀ ਲਾਜ਼ਮੀ ਹੈ। ਹਾਲਾਂਕਿ, ਥੋਕ ਵਪਾਰੀਆਂ ਵੱਲੋਂ ਵੱਧ ਕਮਿਸ਼ਨ ਲੈਣ ਅਤੇ ਮਾਰਕੀਟ ਫੀਸ ਦੀ ਚੋਰੀ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।