- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
14 ਮਹੀਨਿਆਂ ਤੋਂ ਕਿਰਾਇਆ ਨਾ ਦੇਣ ’ਤੇ ਛੇ ਮੰਜ਼ਿਲਾ ਮਲਟੀਲੈਵਲ ਪਾਰਕਿੰਗ ਸੀਲ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਮਾਲ ਰੋਡ ਸਥਿਤ ਛੇ ਮੰਜ਼ਿਲਾ ਮਲਟੀਲੈਵਲ ਕਾਰ ਪਾਰਕਿੰਗ ਨੂੰ ਆਖ਼ਰਕਾਰ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਸੀਲ ਕਰ ਦਿੱਤਾ, ਜਿਸ ਕਾਰਨ ਮਾਲ ਰੋਡ ’ਤੇ ਸੋੜਕਾਂ ਉੱਪਰ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਹੈਰਾਨੀ ਦੀ ਗੱਲ ਹੈ ਕਿ ਠੇਕੇਦਾਰ ਪਿਛਲੇ ਕਰੀਬ 14 ਮਹੀਨਿਆਂ ਤੋਂ ਨਗਰ ਨਿਗਮ ਨੂੰ ਕਿਰਾਏ ਦੀਆਂ ਕਿਸ਼ਤਾਂ ਜਮ੍ਹਾਂ ਨਹੀਂ ਕਰਵਾ ਰਿਹਾ ਸੀ, ਪਰ ਇਸ ਦੇ ਬਾਵਜੂਦ ਪਾਰਕਿੰਗ ਦਾ ਸੰਚਾਲਨ ਜਾਰੀ ਰਿਹਾ। ਇਸ ਦੌਰਾਨ ਠੇਕੇਦਾਰ ਵਾਹਨ ਚਾਲਕਾਂ ਤੋਂ ਪਾਰਕਿੰਗ ਫੀਸ ਵਸੂਲਦਾ ਰਿਹਾ, ਜਦਕਿ ਨਗਰ ਨਿਗਮ ਨੂੰ ਮਿਲਣ ਵਾਲਾ ਮਾਲੀਆ ਲਗਾਤਾਰ ਬਕਾਇਆ ਹੁੰਦਾ ਗਿਆ। ਨਿਗਮ ਦੀ ਤਹਿਬਾਜ਼ਾਰੀ ਅਤੇ ਇਸ਼ਤਿਹਾਰ ਸ਼ਾਖਾ ਦੀ ਰਿਪੋਰਟ ਅਨੁਸਾਰ ਠੇਕੇਦਾਰ ਵੱਲ ਕੁੱਲ 97,79,588 ਰੁਪਏ ਬਕਾਇਆ ਹਨ। ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨੇ ਪਾਰਕਿੰਗ ਸੀਲ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਠੇਕੇਦਾਰ ਵੱਲੋਂ ਲੰਮੇ ਸਮੇਂ ਤੋਂ ਕਿਰਾਏ ਦੀਆਂ ਕਿਸ਼ਤਾਂ ਜਮ੍ਹਾਂ ਨਹੀਂ ਕਰਵਾਈਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ 2 ਨਵੰਬਰ 2026 ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਠੇਕਾ ਰੱਦ ਕਰਨ ਅਤੇ ਠੇਕੇਦਾਰ ਦੀ 17.42 ਲੱਖ ਰੁਪਏ ਦੀ ਬੈਂਕ ਗਾਰੰਟੀ ਜ਼ਬਤ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਮਨਜ਼ੂਰੀ ਲਈ ਮਤਾ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਿਆ ਗਿਆ ਸੀ। ਵਿਭਾਗ ਤੋਂ ਮਨਜ਼ੂਰੀ ਮਿਲਣ ਉਪਰੰਤ ਪਾਰਕਿੰਗ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ। ਨਗਰ ਨਿਗਮ ਦੇ ਰਿਕਾਰਡ ਅਨੁਸਾਰ ਮਾਲ ਰੋਡ ਅਤੇ ਮਲਟੀਲੈਵਲ ਕਾਰ ਪਾਰਕਿੰਗ ਦਾ ਠੇਕਾ ਗੁਰਮੇਲ ਸਿੰਘ ਵਿਰਕ ਨੂੰ 21 ਜੂਨ 2023 ਤੋਂ 20 ਜੂਨ 2028 ਤੱਕ ਪੰਜ ਸਾਲਾਂ ਲਈ ਦਿੱਤਾ ਗਿਆ ਸੀ। ਇਸ ਸਬੰਧੀ 9 ਅਗਸਤ 2023 ਨੂੰ ਵਰਕ ਆਰਡਰ ਜਾਰੀ ਕੀਤਾ ਗਿਆ ਸੀ। ਠੇਕੇ ਦੀ ਸਾਲਾਨਾ ਬੋਲੀ ਕਰੀਬ 69.98 ਲੱਖ ਰੁਪਏ ਤੋਂ ਇਲਾਵਾ ਜੀਐੱਸਟੀ ਅਤੇ ਟੀਸੀਐੱਸ ਤੈਅ ਕੀਤੀ ਗਈ ਸੀ।ਅ ਨਿਗਮ ਦੀ ਰਿਪੋਰਟ ਮੁਤਾਬਕ ਠੇਕੇਦਾਰ ਨੇ 10 ਅਗਸਤ 2025 ਤੋਂ 9 ਅਕਤੂਬਰ 2026 ਤੱਕ ਦੀਆਂ ਸੱਤ ਕਿਸ਼ਤਾਂ ਜਮ੍ਹਾਂ ਨਹੀਂ ਕਰਵਾਈਆਂ। ਹਰੇਕ ਕਿਸ਼ਤ ਦੀ ਕੁੱਲ ਰਕਮ 13,97,084 ਰੁਪਏ ਸੀ। ਇਸ ਵਿੱਚ ਮੂਲ ਕਿਸ਼ਤ 11,61,333 ਰੁਪਏ, ਜੀਐੱਸਟੀ 2,09,040 ਰੁਪਏ ਅਤੇ ਟੀਸੀਐੱਸ 26,711 ਰੁਪਏ ਸ਼ਾਮਲ ਸਨ। ਇਸ ਤਰ੍ਹਾਂ ਸੱਤ ਕਿਸ਼ਤਾਂ ਦਾ ਮੂਲ ਕਿਰਾਇਆ 81,29,331 ਰੁਪਏ, ਜੀਐੱਸਟੀ 14,63,280 ਰੁਪਏ ਅਤੇ ਟੀਸੀਐੱਸ 1,86,977 ਰੁਪਏ ਸਮੇਤ ਕੁੱਲ ਬਕਾਇਆ 97,79,588 ਰੁਪਏ ਬਣ ਗਿਆ।
- ਨੋਟਿਸਾਂ ਦੇ ਬਾਵਜੂਦ 14 ਮਹੀਨੇ ਚੱਲਦਾ ਰਿਹਾ ਪਾਰਕਿੰਗ ਦਾ ਸੰਚਾਲਨ
ਇਸ ਮਾਮਲੇ ਵਿੱਚ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਅਧਿਕਾਰੀਆਂ ਅਨੁਸਾਰ ਠੇਕੇਦਾਰ ਨੂੰ ਕਈ ਵਾਰ ਲਿਖਤੀ ਪੱਤਰ ਭੇਜ ਕੇ ਬਕਾਇਆ ਕਿਸ਼ਤਾਂ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। 31 ਅਗਸਤ 2026 ਨੂੰ ਵੀ ਆਖ਼ਰੀ ਮੌਕਾ ਦੇਣ ਲਈ ਪੱਤਰ ਜਾਰੀ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਕੋਈ ਅਦਾਇਗੀ ਨਹੀਂ ਕੀਤੀ ਗਈ। ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਠੇਕੇਦਾਰ ਲਗਾਤਾਰ ਕਿਸ਼ਤਾਂ ਜਮ੍ਹਾਂ ਨਹੀਂ ਕਰਵਾ ਰਿਹਾ ਸੀ ਤਾਂ ਨਿਗਮ ਨੇ ਸਮੇਂ ਸਿਰ ਪਾਰਕਿੰਗ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਕਿਉਂ ਨਹੀਂ ਲਿਆ। ਜੇਕਰ ਪਹਿਲਾਂ ਕਾਰਵਾਈ ਕੀਤੀ ਜਾਂਦੀ ਤਾਂ ਨਿਗਮ ਆਪਣੇ ਮੁਲਾਜ਼ਮ ਤਾਇਨਾਤ ਕਰਕੇ ਸਰਕਾਰੀ ਪਰਚੀਆਂ ਰਾਹੀਂ ਪਾਰਕਿੰਗ ਫੀਸ ਵਸੂਲ ਸਕਦਾ ਸੀ।
- ਹਾਈਕੋਰਟ ’ਚ ਕੇਸ, ਪਰ ਨਹੀਂ ਮਿਲਿਆ ਸੀ ਸਟੇਅ
ਮਲਟੀਲੈਵਲ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਪਹਿਲਾਂ ਵੀ ਨਗਰ ਨਿਗਮ ਅਤੇ ਠੇਕੇਦਾਰ ਵਿਚਕਾਰ ਵਿਵਾਦ ਹੋ ਚੁੱਕਾ ਹੈ। 8 ਅਗਸਤ 2025 ਨੂੰ ਜਨਰਲ ਹਾਊਸ ਦੀ ਮੀਟਿੰਗ ਵਿੱਚ ਜਨਤਕ ਸ਼ਿਕਾਇਤਾਂ ਤੋਂ ਬਾਅਦ ਮੇਅਰ ਵੱਲੋਂ ਟੋਅ ਪ੍ਰਬੰਧ ਤੁਰੰਤ ਬੰਦ ਕਰਨ ਅਤੇ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਉਣ ਦਾ ਮਤਾ ਰੱਖਿਆ ਗਿਆ ਸੀ। ਇਸ ਫੈਸਲੇ ਖ਼ਿਲਾਫ਼ ਠੇਕੇਦਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੀਡਬਲਿਊਪੀ ਨੰਬਰ 25118/2025 ਦਾਇਰ ਕੀਤੀ ਸੀ। ਹਾਲਾਂਕਿ ਨਿਗਮ ਦੀ ਰਿਪੋਰਟ ਅਨੁਸਾਰ ਅਦਾਲਤ ਵੱਲੋਂ ਕੋਈ ਸਟੇਅ ਆਰਡਰ ਜਾਰੀ ਨਹੀਂ ਕੀਤਾ ਗਿਆ ਸੀ।
- ਹੁਣ 97.79 ਲੱਖ ਦੀ ਵਸੂਲੀ ਬਣੀ ਚੁਣੌਤੀ
ਟੈਂਡਰ ਦੀਆਂ ਸ਼ਰਤਾਂ ਅਨੁਸਾਰ ਕਿਸ਼ਤ ਜਮ੍ਹਾਂ ਕਰਵਾਉਣ ਵਿੱਚ 15 ਦਿਨਾਂ ਤੱਕ ਦੀ ਦੇਰੀ ਹੋਣ ’ਤੇ 18 ਫ਼ੀਸਦੀ ਸਾਲਾਨਾ ਵਿਆਜ ਲਗਾਉਣ ਦੀ ਵਿਵਸਥਾ ਸੀ। ਇਸ ਤੋਂ ਵੱਧ ਦੇਰੀ ਹੋਣ ’ਤੇ ਨਿਗਮ ਨੂੰ ਠੇਕਾ ਰੱਦ ਕਰਨ ਜਾਂ ਵਿਆਜ ਅਤੇ ਜੁਰਮਾਨੇ ਸਮੇਤ ਰਕਮ ਵਸੂਲਣ ਦਾ ਅਧਿਕਾਰ ਸੀ। ਇਸ ਤੋਂ ਇਲਾਵਾ ਪਾਰਕਿੰਗ ਦੇ ਬਾਹਰ ਲੱਗੀ ਡਿਜੀਟਲ ਐੱਲਈਡੀ ਸਕਰੀਨ ਤੋਂ ਹੋਣ ਵਾਲੀ ਆਮਦਨ ਦੀ ਜਾਂਚ ਦੀ ਮੰਗ ਵੀ ਉੱਠ ਰਹੀ ਹੈ। ਹੁਣ ਨਗਰ ਨਿਗਮ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਠੇਕੇਦਾਰ ਤੋਂ 97.79 ਲੱਖ ਰੁਪਏ ਦੀ ਬਕਾਇਆ ਰਾਸ਼ੀ ਵਸੂਲਣ ਦੀ ਹੈ। ਵੇਖਣਾ ਹੋਵੇਗਾ ਕਿ ਨਿਗਮ ਇਸ ਸਰਕਾਰੀ ਰਾਸ਼ੀ ਦੀ ਵਸੂਲੀ ਲਈ ਕੀ ਕਦਮ ਚੁੱਕਦਾ ਹੈ।