ਐੱਸਆਈਆਰ ਦਾ 99 ਫੀਸਦੀ ਤੋਂ ਵੱਧ ਕੰਮ ਮੁਕੰਮਲ : ਜ਼ਿਲ੍ਹਾ ਚੋਣ ਅਫਸਰ ਬਠਿੰਡਾ ਵਿਚ ਐੱਸਆਈਆਰ ਦਾ ਕੰਮ ਮੁਕੰਮਲ ਹੋਣ ਦੇ ਨੇੜੇ, 99 ਫੀਸਦੀ ਤੋਂ ਵੱਧ ਕੰਮ ਮੁਕੰਮਲ : ਜ਼ਿਲ੍ਹਾ ਚੋਣ ਅਫਸਰ
Publish Date: Sat, 03 Oct 2026 05:48 PM (IST)
Updated Date: Sun, 04 Oct 2026 04:05 AM (IST)
ਮੌੜ ਵਿਧਾਨ ਸਭਾ ਹਲਕੇ ’ਚ ਐੱਸਆਈਆਰ 2026 ਦੀ 100 ਫੀਸਦੀ ਪ੍ਰਕਿਰਿਆ ਮੁਕੰਮਲ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਦਾ ਕੰਮ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। ਜ਼ਿਲ੍ਹੇ ਵਿਚ ਐੱਸਆਈਆਰ 2026 ਦਾ 99.21 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੌੜ ਵਿਧਾਨ ਸਭਾ ਹਲਕੇ ਵਿੱਚ ਐੱਸ.ਆਈ.ਆਰ. ਦੀ 100 ਫੀਸਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਇਸੇ ਤਰ੍ਹਾਂ ਰਾਮਪੁਰਾ ਵਿੱਚ 99.53 ਫੀਸਦੀ, ਭੁੱਚੋ ਮੰਡੀ ਵਿੱਚ 99.23 ਫੀਸਦੀ, ਬਠਿੰਡਾ ਸ਼ਹਿਰੀ ਵਿੱਚ 97.49 ਫੀਸਦੀ, ਬਠਿੰਡਾ ਦਿਹਾਤੀ ਵਿੱਚ 99.70 ਫੀਸਦੀ ਅਤੇ ਤਲਵੰਡੀ ਸਾਬੋ ਵਿੱਚ 99.83 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਯਕੀਨੀ ਬਣਾਉਣ ਲਈ, ਜਿਨ੍ਹਾਂ ਮਾਮਲਿਆਂ ਵਿੱਚ ਨੋਟਿਸ ਜਾਰੀ ਹੋ ਚੁੱਕੇ ਹਨ ਪਰ ਸੁਣਵਾਈ ਜਾਂ ਦਸਤਾਵੇਜ਼ ਜਮ੍ਹਾਂ ਕਰਵਾਉਣੇ ਬਾਕੀ ਹਨ, ਉਨ੍ਹਾਂ ਵਿੱਚ ਬੂਥ ਲੈਵਲ ਅਫਸਰ (ਬੀ.ਐੱਲ.ਓ.) ਵੋਟਰਾਂ ਨਾਲ ਸੰਪਰਕ ਕਰਨਗੇ। ਉਹ ਲੋੜੀਂਦੇ ਦਸਤਾਵੇਜ਼ ਵੋਟਰਾਂ ਤੋਂ ਸਿੱਧੇ ਇਕੱਠੇ ਕਰਨਗੇ, ਤਾਂ ਜੋ ਉਨ੍ਹਾਂ ਨੂੰ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਾ ਪਵੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਹਲਕਿਆਂ ਵਿੱਚ ਕੁਝ ਕੰਮ ਬਕਾਇਆ ਹੈ, ਉੱਥੇ ਵੋਟਰਾਂ ਦੀ ਸਹੂਲਤ ਲਈ ਆਉਣ ਵਾਲੇ ਹਫ਼ਤੇ ਦੇ ਅੰਤ ਵਿੱਚ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ’ਤੇ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ ਅਤੇ ਹੈਲਪਲਾਈਨ ਨੰਬਰ 1950 ਵੀ ਉਪਲਬਧ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀਐਲਓਜ਼ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਸਹਿਯੋਗ ਦੇਣ ਤੇ ਲੋੜ ਅਨੁਸਾਰ ਦਸਤਾਵੇਜ਼ ਤੇ ਜਾਣਕਾਰੀ ਮੁਹੱਈਆ ਕਰਵਾਉਣ, ਤਾਂ ਜੋ ਐੱਸਆਈਆਰ ਦੀ ਪ੍ਰਕਿਰਿਆ ਸਮੇਂ ਸਿਰ ਮੁਕੰਮਲ ਕੀਤੀ ਜਾ ਸਕੇ।