ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ-2026 ’ਚ ਭਾਰਤ ਦੀ ਨੁਮਾਇੰਦਗੀ ਕਰੇਗੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਿਮਰਨ ਕੰਬੋਜ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ-2026 ’ਚ ਭਾਰਤ ਦੀ ਨੁਮਾਇੰਦਗੀ ਕਰੇਗੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਿਮਰਨ ਕੰਬੋਜ
Publish Date: Thu, 22 Oct 2026 04:44 PM (IST)
Updated Date: Thu, 22 Oct 2026 04:45 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਵਿਦਿਆਰਥਣ ਸਿਮਰਨ ਕੰਬੋਜ ਨੇ ਕਬੱਡੀ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਐੱਮ.ਪੀ.ਐੱਡ. ਦੀ ਪੜ੍ਹਾਈ ਕਰ ਰਹੀ ਸਿਮਰਨ ਦੀ ਚੋਣ ਅਹਿਮਦਾਬਾਦ, ਗੁਜਰਾਤ ਵਿਖੇ 23 ਤੋਂ 31 ਅਕਤੂਬਰ ਤੱਕ ਹੋਣ ਵਾਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ-2026 ਲਈ 14 ਮੈਂਬਰੀ ਸੀਨੀਅਰ ਭਾਰਤੀ ਕਬੱਡੀ ਟੀਮ ਵਿੱਚ ਹੋਈ ਹੈ। ਯੂਨੀਵਰਸਿਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਸ ਮੁਕਾਬਲੇ ਲਈ ਚੁਣੀ ਗਈ ਉਹ ਪੰਜਾਬ ਦੀ ਇਕਲੌਤੀ ਖਿਡਾਰਣ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਸਿਮਰਨ ਕੰਬੋਜ ਨੂੰ ਇਸ ਅੰਤਰਰਾਸ਼ਟਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਿਮਰਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਪਰਿਵਾਰ, ਯੂਨੀਵਰਸਿਟੀ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਸਿਮਰਨ ਦੇ ਖੇਡ ਹੁਨਰ ਨੂੰ ਨਿਖਾਰਨ ਲਈ ਡਾਇਰੈਕਟਰ ਖੇਡਾਂ ਅਤੇ ਕੋਚ ਰਾਮ ਸਿੰਘ ਬਰਾੜ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਰਤੀ ਖਿਡਾਰਣਾਂ ਦੀਆਂ ਪ੍ਰਾਪਤੀਆਂ ਦੇਸ਼ ਲਈ ਮਾਣ ਵਾਲੀ ਗੱਲ ਹਨ। ਖੇਡ ਨਿਰਦੇਸ਼ਕ ਡਾ. ਬਲਵਿੰਦਰ ਸ਼ਰਮਾ ਅਤੇ ਡੀਨ ਡਾ. ਸੁਖਜੀਤ ਸਿੰਘ ਨੇ ਦੱਸਿਆ ਕਿ 25 ਸਾਲਾ ਸਿਮਰਨ ਕੰਬੋਜ ਭਾਰਤੀ ਟੀਮ ਵਿੱਚ ਰਾਈਟ ਸਾਈਡ ਰੇਡਰ ਵਜੋਂ ਖੇਡੇਗੀ। ਇਸ ਚੈਂਪੀਅਨਸ਼ਿਪ ਦਾ ਆਯੋਜਨ ਐਮੇਚਿਓਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕੀਤਾ ਜਾਂਦਾ ਹੈ। ਪਿੰਡ ਪੰਜਾਵਾ, ਲੰਬੀ ਦੀ ਰਹਿਣ ਵਾਲੀ ਸਿਮਰਨ ਦੇ ਪਿਤਾ ਭਾਰਤੀ ਸੈਨਾ ਵਿੱਚੋਂ ਸੂਬੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਹਨ ਅਤੇ ਇਸ ਸਮੇਂ ਖੇਤੀਬਾੜੀ ਕਰ ਰਹੇ ਹਨ। ਸਿਮਰਨ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਰਿਵਾਰ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਖੁਸ਼ੀ ਦਾ ਮਾਹੌਲ ਹੈ।