ਸਿਲਵਰ ਓਕਸ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਤੇ ਮਨੋਰੰਜਕ ਯਾਤਰਾਵਾਂ ਕਰਵਾਈਆਂ ਸਿਲਵਰ ਓਕਸ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਤੇ ਮਨੋਰੰਜਕ ਯਾਤਰਾਵਾਂ ਕਰਵਾਈਆਂ
Publish Date: Thu, 29 Oct 2026 04:18 PM (IST)
Updated Date: Thu, 29 Oct 2026 04:19 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ ਸਿੱਖਿਆ ਨੂੰ ਜਮਾਤਾਂ ਦੀਆਂ ਚਾਰਦੀਵਾਰੀਆਂ ਤੋਂ ਬਾਹਰ ਲਿਜਾ ਕੇ ਵਿਦਿਆਰਥੀਆਂ ਨੂੰ ਅਮਲੀ ਤਜਰਬਿਆਂ ਰਾਹੀਂ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਲਵਰ ਓਕਸ ਸਕੂਲ, ਰਾਮਪੁਰਾ ਰੋਡ, ਬਠਿੰਡਾ ਵੱਲੋਂ ਅਕਤੂਬਰ ਮਹੀਨੇ ਦੌਰਾਨ ਵਿਦਿਆਰਥੀਆਂ ਲਈ ਦੋ ਵਿਸ਼ੇਸ਼ ਵਿੱਦਿਅਕ ਅਤੇ ਮਨੋਰੰਜਕ ਯਾਤਰਾਵਾਂ ਕਰਵਾਈਆਂ ਗਈਆਂ। ਇਨ੍ਹਾਂ ਯਾਤਰਾਵਾਂ ਦੌਰਾਨ ਬੱਚਿਆਂ ਨੇ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਵੀ ਮਾਣਿਆ। ਜਮਾਤ ਦੂਜੀ ਅਤੇ ਤੀਜੀ ਦੇ ਵਿਦਿਆਰਥੀਆਂ ਨੂੰ ਫ਼ਾਜ਼ਿਲਕਾ ਸਥਿਤ ਜਿਯਾਨੀ ਨੈਚੁਰਲ ਫਾਰਮ ਵਿਖੇ ਲਿਜਾਇਆ ਗਿਆ। ਇੱਥੇ ਬੱਚਿਆਂ ਨੇ ਖੇਤੀਬਾੜੀ ਦੇ ਮੁੱਢਲੇ ਢੰਗਾਂ ਅਤੇ ਡੇਅਰੀ ਫਾਰਮਿੰਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਮਿੰਨੀ ਐਨੀਮਲ ਜੂ ਵਿਚ ਵੱਖ-ਵੱਖ ਜਾਨਵਰਾਂ ਨੂੰ ਨੇੜਿਓਂ ਦੇਖ ਕੇ ਉਨ੍ਹਾਂ ਦੇ ਜੀਵਨ ਬਾਰੇ ਜਾਣਨ ਦਾ ਮੌਕਾ ਮਿਲਿਆ। ਟਰੈਕਟਰ, ਊਠ ਅਤੇ ਘੋੜੇ ਦੀ ਸਵਾਰੀ ਬੱਚਿਆਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੀ। ਇਸ ਯਾਤਰਾ ਨੇ ਵਿਦਿਆਰਥੀਆਂ ਦੀ ਜਗਿਆਸਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਕੁਦਰਤ, ਪਸ਼ੂ-ਪੰਛੀਆਂ ਅਤੇ ਖੇਤੀਬਾੜੀ ਦੀ ਮਹੱਤਤਾ ਸਮਝਣ ਵਿੱਚ ਮਦਦ ਕੀਤੀ। ਇਸੇ ਤਰ੍ਹਾਂ ਨਰਸਰੀ ਤੋਂ ਜਮਾਤ ਪਹਿਲੀ ਤੱਕ ਦੇ ਵਿਦਿਆਰਥੀਆਂ ਲਈ ਲਹਿਰਾ ਬੇਗਾ ਸਥਿਤ ਪਨਫਨ ਇਨਡੋਰ ਗੇਮਿੰਗ ਜ਼ੋਨ ਦੀ ਸੈਰ ਕਰਵਾਈ ਗਈ। ਇੱਥੇ ਨੰਨ੍ਹੇ-ਮੁੰਨੇ ਬੱਚਿਆਂ ਨੇ ਵੱਖ-ਵੱਖ ਇਨਡੋਰ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਖੇਡਾਂ ਰਾਹੀਂ ਉਨ੍ਹਾਂ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਕੰਮ ਕਰਨ, ਆਪਸੀ ਸਾਂਝ ਵਧਾਉਣ ਅਤੇ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ। ਇਹ ਯਾਤਰਾ ਬੱਚਿਆਂ ਲਈ ਯਾਦਗਾਰੀ ਤਜਰਬਾ ਬਣੀ। ਸਕੂਲ ਦਾ ਇਹ ਉਪਰਾਲਾ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ। ਜਿੱਥੇ ਫਾਰਮ ਦੀ ਯਾਤਰਾ ਨੇ ਕਿਤਾਬੀ ਗਿਆਨ ਨੂੰ ਅਸਲ ਜੀਵਨ ਨਾਲ ਜੋੜਿਆ, ਉੱਥੇ ਹੀ ਗੇਮਿੰਗ ਜ਼ੋਨ ਦੀ ਸੈਰ ਨੇ ਖੇਡਾਂ ਰਾਹੀਂ ਸਿੱਖਣ ਅਤੇ ਸਮਾਜਿਕ ਹੁਨਰ ਵਿਕਸਿਤ ਕਰਨ ਵਿਚ ਯੋਗਦਾਨ ਪਾਇਆ। ਇਨ੍ਹਾਂ ਗਤੀਵਿਧੀਆਂ ਰਾਹੀਂ ਸਕੂਲ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖ਼ੁਸ਼ਗਵਾਰ ਤਜਰਬੇ ਪ੍ਰਦਾਨ ਕਰਨ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ।