ਰੀਕਾਸਟ ਸੂਚੀਆਂ ਵਾਲੇ ਅਧਿਆਪਕਾਂ ਦੇ ਕਾਰਨ ਦੱਸੋ ਨੋਟਿਸ ਰੱਦ ਕੀਤੇ ਜਾਣ ਰੀਕਾਸਟ ਸੂਚੀਆਂ ਵਾਲੇ ਅਧਿਆਪਕਾਂ ਦੇ ਕਾਰਨ ਦੱਸੋ ਨੋਟਿਸ ਰੱਦ ਕੀਤੇ ਜਾਣ
Publish Date: Thu, 13 Aug 2026 05:21 PM (IST)
Updated Date: Fri, 14 Aug 2026 04:03 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਰੀਕਾਸਟ ਸੂਚੀਆਂ ਤੋਂ ਪ੍ਰਭਾਵਿਤ ਅਧਿਆਪਕ ਫਰੰਟ ਵੱਲੋਂ 16 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਦਾ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਵੱਲੋਂ ਡੱਟਵਾਂ ਸਮਰਥਨ ਕੀਤਾ ਜਾਵੇਗਾ। ਇਹ ਜਾਣਕਾਰੀ ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦਿੱਤੀ। ਆਗੂਆਂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪਿਛਲੇ ਸਮੇਂ ਦੌਰਾਨ ਹੋਈਆਂ 4161 ਮਾਸਟਰ ਕਾਡਰ, 2392 ਮਾਸਟਰ ਕਾਡਰ, 6635 ਈਟੀਟੀ ਕਾਡਰ ਅਤੇ 3704 ਮਾਸਟਰ ਕਾਡਰ ਭਰਤੀਆਂ ਦੀਆਂ ਸਿਲੈਕਸ਼ਨ ਸੂਚੀਆਂ ਵਿਭਾਗੀ ਜਾਂ ਦਫ਼ਤਰੀ ਗਲਤੀਆਂ ਕਾਰਨ ਵੱਖ-ਵੱਖ ਆਧਾਰਾਂ ’ਤੇ ਰੀਕਾਸਟ ਕੀਤੀਆਂ ਗਈਆਂ ਹਨ। ਇਸ ਕਾਰਨ ਲੰਮੇ ਸਮੇਂ ਤੋਂ ਆਪਣੇ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਕਈ ਅਧਿਆਪਕ ਸਿਲੈਕਸ਼ਨ ਜ਼ੋਨ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਟਰਮੀਨੇਸ਼ਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਜਥੇਬੰਦੀ ਅਨੁਸਾਰ 4161 ਮਾਸਟਰ ਕਾਡਰ ਦੇ 253, 2392 ਮਾਸਟਰ ਕਾਡਰ ਦੇ 40, 6635 ਈਟੀਟੀ ਦੇ 108 ਅਤੇ 3704 ਮਾਸਟਰ ਕਾਡਰ ਦੇ 117 ਅਧਿਆਪਕ ਪ੍ਰਭਾਵਿਤ ਹੋਏ ਹਨ। ਆਗੂਆਂ ਨੇ ਕਿਹਾ ਕਿ 4161 ਅਤੇ 6635 ਭਰਤੀਆਂ ਨਾਲ ਸਬੰਧਤ ਪ੍ਰਭਾਵਿਤ ਅਧਿਆਪਕਾਂ ਦੇ ਤਿੰਨ ਸਾਲ ਦਾ ਪਰਖਕਾਲ ਪੂਰਾ ਹੋਣ ਦੇ ਬਾਵਜੂਦ ਉਸਨੂੰ ਕਲੀਅਰ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਬਦਲੀਆਂ ਦਾ ਮੌਕਾ ਵੀ ਨਹੀਂ ਮਿਲਿਆ। ਡੀਟੀਐੱਫ ਆਗੂਆਂ ਵਿਕਾਸ ਗਰਗ, ਕੁਲਵਿੰਦਰ ਵਿਰਕ, ਅਨਿਲ ਭੱਟ, ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਬਲਕਰਨ ਕੋਟਸ਼ਮੀਰ ਅਤੇ ਰਾਜਵਿੰਦਰ ਸਿੰਘ ਜਲਾਲ ਨੇ ਮੰਗ ਕੀਤੀ ਕਿ ਕਾਰਨ ਦੱਸੋ ਨੋਟਿਸ ਤੁਰੰਤ ਰੱਦ ਕਰਕੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਉਨ੍ਹਾਂ ਪਰਖਕਾਲ ਕਲੀਅਰ ਕਰਕੇ ਬਣਦੇ ਭੱਤੇ ਪੰਜਾਬ ਪੇਅ ਸਕੇਲ ਅਨੁਸਾਰ ਦੇਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਦੇ ਮੱਦੇਨਜ਼ਰ ਸਰਕਾਰ ਇਸ ਮਸਲੇ ਦਾ ਤੁਰੰਤ ਹੱਲ ਕਰੇ ਅਤੇ ਰੀਕਾਸਟ ਸੂਚੀਆਂ ਰਾਹੀਂ ਅਧਿਆਪਕਾਂ ਤੋਂ ਰੁਜ਼ਗਾਰ ਖੋਹਣ ਦੀ ਨੀਤੀ ਬੰਦ ਕਰੇ।