ਨਥਾਣਾ ਨਗਰ ਪੰਚਾਇਤ 'ਤੇ ਸ੍ਰੋਮਣੀ ਅਕਾਲੀ ਦਲ ਦਾ ਕਬਜ਼ਾ, ਸਿਮਰਜੀਤ ਕੌਰ ਪ੍ਰਧਾਨ ਤੇ ਕੁਲਦੀਪ ਰਾਏ ਵਾਈਸ ਪ੍ਰਧਾਨ ਚੁਣੇ ਨਥਾਣਾ ਨਗਰ ਪੰਚਾਇਤ 'ਤੇ ਸ੍ਰੋਮਣੀ ਅਕਾਲੀ ਦਲ ਦਾ ਕਬਜ਼ਾ
Publish Date: Mon, 27 Jul 2026 05:13 PM (IST)
Updated Date: Mon, 27 Jul 2026 05:15 PM (IST)
ਹਰਪ੍ਰੀਤ ਮੰਦੇਸ਼ਾ, ਪੰਜਾਬੀ ਜਾਗਰਣ ਨਥਾਣਾ ਨਥਾਣਾ ਨਗਰ ਪੰਚਾਇਤ ਦੀ ਪ੍ਰਧਾਨਗੀ ਅਤੇ ਵਾਈਸ ਪ੍ਰਧਾਨਗੀ ਦੀ ਚੋਣ ਵਿਚ ਸ੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਭੇਜ ਸਿੰਘ ਦੀ ਧਰਮ ਪਤਨੀ ਬੀਬੀ ਸਿਮਰਜੀਤ ਕੌਰ ਨੂੰ ਨਗਰ ਪੰਚਾਇਤ ਦਾ ਪ੍ਰਧਾਨ ਅਤੇ ਕੁਲਦੀਪ ਰਾਏ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ ਨੇ ਨਵ-ਚੁਣੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਥਾਣਾ ਨਗਰ ਪੰਚਾਇਤ ਵਿਚ ਮਿਲੀ ਇਹ ਜਿੱਤ ਲੋਕਾਂ ਵੱਲੋਂ ਸ੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਪਾਰਟੀ ਪ੍ਰਤੀ ਪ੍ਰਗਟਾਏ ਵਿਸ਼ਵਾਸ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਸਮੂਹ ਮੈਂਬਰਾਂ ਦੀ ਏਕਤਾ, ਪਾਰਟੀ ਵਰਕਰਾਂ ਦੀ ਨਿਰੰਤਰ ਮਿਹਨਤ ਅਤੇ ਲੋਕਾਂ ਦੇ ਮਜ਼ਬੂਤ ਸਮਰਥਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਵਚਨਬੱਧ ਰਿਹਾ ਹੈ ਅਤੇ ਨਥਾਣਾ ਦੇ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਖਰਾ ਉਤਰਨ ਲਈ ਨਵੀਂ ਟੀਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰੇਗੀ। ਨਗਰ ਪੰਚਾਇਤ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇਣ ਦੇ ਨਾਲ-ਨਾਲ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਜਗਸੀਰ ਸਿੰਘ ਜੱਗਾ ਕਲਿਆਣ ਅਤੇ ਡਾ. ਦਲਜੀਤ ਸਿੰਘ ਗੁਰੂ ਨੇ ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ, ਪਾਰਟੀ ਹਾਈ ਕਮਾਂਡ, ਸਮੂਹ ਆਗੂਆਂ, ਵਰਕਰਾਂ ਅਤੇ ਨਥਾਣਾ ਦੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਸਰਕਲ ਪ੍ਰਧਾਨ ਗੁਰਭੇਜ ਸਿੰਘ ਅਤੇ ਨਗਰ ਪੰਚਾਇਤ ਦੀ ਨਵੀਂ ਚੁਣੀ ਪ੍ਰਧਾਨ ਬੀਬੀ ਸਿਮਰਜੀਤ ਕੌਰ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਤੇ ਪ੍ਰਗਟਾਏ ਵਿਸ਼ਵਾਸ ਨੂੰ ਕਦੇ ਵੀ ਟੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਲੋਕ ਸੇਵਾ ਨੂੰ ਹੀ ਆਪਣਾ ਮੁੱਖ ਉਦੇਸ਼ ਬਣਾਇਆ ਜਾਵੇਗਾ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਨਗਰ ਪੰਚਾਇਤ ਦੀ ਨਵੀਂ ਟੀਮ ਨੂੰ ਲੋਕ ਸੇਵਾ ਲਈ ਹਮੇਸ਼ਾ ਚੜ੍ਹਦੀ ਕਲਾ, ਤਾਕਤ ਅਤੇ ਕਾਮਯਾਬੀ ਬਖ਼ਸ਼ਣ ਤਾਂ ਜੋ ਨਥਾਣਾ ਦੇ ਸਰਵਪੱਖੀ ਵਿਕਾਸ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਜਾ ਸਕੇ।