- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਕੈਨਾਲ ਖੇਤਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 60 ਸਾਲਾ ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿ ਰਹੇ ਪਰਿਵਾਰ ਦੀ 9 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਗੁਰਤੇਜ ਸਿੰਘ ਸਿੱਧੂ, ਬਠਿੰਡਾ: ਥਾਣਾ ਕੈਨਾਲ ਖੇਤਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 60 ਸਾਲਾ ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿ ਰਹੇ ਪਰਿਵਾਰ ਦੀ 9 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਰੋਧ ਕਰਨ 'ਤੇ ਦੋਸ਼ੀ ਨੇ ਬੱਚੀ ਦੀ ਡੰਡਿਆਂ ਨਾਲ ਕੁੱਟਮਾਰ ਵੀ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਪੁਲਿਸ ਨੇ ਦੋਸ਼ੀ ਨੂੰ ਪੋਕਸੋ ਐਕਟ ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪੀੜਤਾ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਆਪਣੇ ਪਿਤਾ ਅਤੇ ਦੋ ਛੋਟੇ ਭੈਣ-ਭਰਾਵਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਦੋਸ਼ੀ ਮਕਾਨ ਮਾਲਕ ਇੱਕ ਟਰਾਂਸਫਾਰਮਰ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਬੀਤੇ ਦਿਨ ਦੋਸ਼ੀ ਨੇ ਘਰ ਵਿੱਚ ਬੱਚੀ ਨੂੰ ਇਕੱਲੀ ਪਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਰੌਲਾ ਪਾਉਣ 'ਤੇ ਦੋਸ਼ੀ ਨੇ ਡੰਡੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਬੱਚੀ ਦਾ ਹੱਥ ਫਰੈਕਚਰ ਹੋ ਗਿਆ ਅਤੇ ਸਿਰ 'ਤੇ ਵੀ ਗੰਭੀਰ ਸੱਟਾਂ ਲੱਗੀਆਂ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਹਰਿਓਮ ਠਾਕੁਰ ਅਤੇ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚੀ। ਉਨ੍ਹਾਂ ਨੇ ਜ਼ਖ਼ਮੀ ਬੱਚੀ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਥਾਣਾ ਕੈਨਾਲ ਦੇ ਐੱਸਐੱਚਓ ਦਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਖ਼ਿਲਾਫ਼ ਪੋਕਸੋ ਐਕਟ ਅਤੇ ਜਬਰ-ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਕਾਰਵਾਈ ਕੀਤੀ ਜਾਵੇਗੀ।