ਸਰਕਾਰੀ ਲੀਡਰਾਂ ਦੀ ਸੁਰੱਖਿਆ ਲਈ ਪੁਲਿਸ ਦੀ ਵੱਖਰੀ ਭਰਤੀ ਹੋਵੇ : ਰਵੀਪ੍ਰੀਤ ਸਿੱਧੂ ਸਰਕਾਰੀ ਲੀਡਰਾਂ ਦੀ ਸੁਰੱਖਿਆ ਲਈ ਪੁਲਿਸ ਦੀ ਵੱਖਰੀ ਭਰਤੀ ਹੋਵੇ : ਰਵੀਪ੍ਰੀਤ ਸਿੱਧੂ
Publish Date: Sun, 30 Aug 2026 04:27 PM (IST)
Updated Date: Sun, 30 Aug 2026 04:28 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾਂ ਮੰਡੀ, ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਲੀਡਰਾਂ ਦੀ ਸੁਰੱਖਿਆ, ਧਰਨਿਆਂ-ਮੁਜ਼ਾਹਰਿਆਂ ਅਤੇ ਰੈਲੀਆਂ ਆਦਿ ਦੀ ਡਿਊਟੀ ਲਈ ਪੁਲਿਸ ਦੀ ਵੱਖਰੀ ਭਰਤੀ ਕੀਤੀ ਜਾਵੇ, ਤਾਂ ਜੋ ਥਾਣਿਆਂ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਅਜਿਹੀਆਂ ਡਿਊਟੀਆਂ ਤੋਂ ਮੁਕਤ ਰੱਖਿਆ ਜਾ ਸਕੇ। ਸ. ਸਿੱਧੂ ਨੇ ਕਿਹਾ ਕਿ ਕਾਫੀ ਸਮਾਂ ਪਹਿਲਾਂ ਸਰਕਾਰ ਵੱਲੋਂ ਲੀਡਰਾਂ ਦੇ ਘਰਾਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਪੀਐਚਜੀ ਦੀ ਭਰਤੀ ਕੀਤੀ ਗਈ ਸੀ। ਸਮੇਂ ਦੇ ਬਦਲਾਅ ਨਾਲ ਇਨ੍ਹਾਂ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਥਾਣਿਆਂ ਵਿਚ ਹੀ ਲਗਾ ਦਿੱਤੀਆਂ ਗਈਆਂ, ਜਦਕਿ ਲੀਡਰਾਂ ਦੀ ਸੁਰੱਖਿਆ ਲਈ ਹੁਣ ਥਾਣਿਆਂ ਵਿਚੋਂ ਹੀ ਪੁਲਿਸ ਮੁਲਾਜ਼ਮ ਲਗਾਏ ਜਾਂਦੇ ਹਨ। ਅੱਜ ਜਿਸ ਤੇਜ਼ੀ ਨਾਲ ਅਪਰਾਧ ਵਧ ਰਹੇ ਹਨ, ਉਸ ਦੇ ਮੱਦੇਨਜ਼ਰ ਥਾਣਿਆਂ ਵਿਚ 24 ਘੰਟੇ ਲੋੜ ਅਨੁਸਾਰ ਪੁਲਿਸ ਮੁਲਾਜ਼ਮ ਉਪਲਬਧ ਹੋਣੇ ਬਹੁਤ ਜ਼ਰੂਰੀ ਹਨ। ਜੇਕਰ ਥਾਣਿਆਂ ਦੀ ਪੁਲਿਸ ਨੂੰ ਵਾਰ-ਵਾਰ ਵੀਆਈਪੀ ਸੁਰੱਖਿਆ, ਧਰਨਿਆਂ, ਮੁਜ਼ਾਹਰਿਆਂ ਅਤੇ ਰੈਲੀਆਂ ਦੀਆਂ ਡਿਊਟੀਆਂ ’ਤੇ ਭੇਜਿਆ ਜਾਵੇਗਾ ਤਾਂ ਆਮ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ’ਤੇ ਇਸ ਦਾ ਅਸਰ ਪੈਣਾ ਸੁਭਾਵਿਕ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਲੀਡਰਾਂ ਦੀ ਸੁਰੱਖਿਆ ਸਰਕਾਰ ਲਈ ਜ਼ਰੂਰੀ ਹੈ ਤਾਂ ਲੀਡਰਾਂ ਨੂੰ ਚੁਣਨ ਵਾਲੇ ਆਮ ਲੋਕਾਂ ਦੀ ਸੁਰੱਖਿਆ ਨੂੰ ਵੀ ਬਰਾਬਰ ਤਰਜੀਹ ਕਿਉਂ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੀਡਰਾਂ ਦੀ ਸੁਰੱਖਿਆ ਅਤੇ ਹੋਰ ਵਿਸ਼ੇਸ਼ ਡਿਊਟੀਆਂ ਲਈ ਪੁਲਿਸ ਦੀ ਵੱਖਰੀ ਵਿਵਸਥਾ ਕੀਤੀ ਜਾਵੇ, ਜਿਸ ਦਾ ਥਾਣਿਆਂ ਦੀ ਰੋਜ਼ਾਨਾ ਕਾਰਗੁਜ਼ਾਰੀ ਨਾਲ ਕੋਈ ਸਬੰਧ ਨਾ ਹੋਵੇ। ਸ. ਸਿੱਧੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਗੰਭੀਰ ਮਸਲੇ ਵੱਲ ਸਮੇਂ ਸਿਰ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਲੀਡਰਾਂ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਥਾਣਿਆਂ ਵਿਚ ਪੁਲਿਸ ਦੀ ਗਿਣਤੀ ਵਧਾ ਕੇ ਆਮ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ।