ਨਮ ਅੱਖਾਂ ਨਾਲ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਿਧਾਣਾ ਨੂੰ ਦਿੱਤੀ ਅੰਤਿਮ ਵਿਦਾਈ ਨਮ ਅੱਖਾਂ ਨਾਲ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਿਧਾਣਾ ਨੂੰ ਦਿੱਤੀ ਅੰਤਿਮ ਵਿਦਾਈ
Publish Date: Sat, 12 Sep 2026 04:46 PM (IST)
Updated Date: Sat, 12 Sep 2026 04:47 PM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ ਭਾਈ ਰੂਪਾ, ਰਾਮਪੁਰਾ ਫੂਲ ਦੇ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਿਧਾਣਾ (51) ਦਾ ਬੀਤੇ ਵੀਰਵਾਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ। ਦਲਜੀਤ ਸਿੰਘ ਸਿਧਾਣਾ ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਨਿਰਪੱਖ, ਇਮਾਨਦਾਰ ਅਤੇ ਨਿਡਰ ਪੱਤਰਕਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ ਆਪਣਾ ਨਿੱਜੀ ਯੂ-ਟਿਊਬ ਚੈਨਲ ਚਲਾਉਣ ਦੇ ਨਾਲ-ਨਾਲ ਜਲੰਧਰ ਤੋਂ ਪ੍ਰਕਾਸ਼ਿਤ ਇੱਕ ਪੰਜਾਬੀ ਅਖ਼ਬਾਰ ਨਾਲ ਵੀ ਪੱਤਰਕਾਰ ਵਜੋਂ ਜੁੜੇ ਹੋਏ ਸਨ। ਉਹ ਸਿੱਖੀ ਸਰੂਪ ਵਿੱਚ ਰਹਿਣ ਵਾਲੇ ਗੁਰਸਿੱਖ ਅਤੇ ਮਿਲਾਪੜੇ ਸੁਭਾਅ ਦੇ ਵਿਅਕਤੀ ਸਨ। ਦਲਜੀਤ ਸਿੰਘ ਸਿਧਾਣਾ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਸਿਧਾਣਾ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਇੰਮਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰ ਸਿੰਘ ਹਿੰਦਾ, ਕਾਂਗਰਸੀ ਆਗੂ ਮਨਜੀਤ ਬਿੱਟੀ ਸੇਲਬਰਾਹੀਆ, ਵਾਰਿਸ ਪੰਜਾਬ ਦੇ ਮਨਪ੍ਰੀਤ ਸਿੰਘ ਮੰਨਾ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਜੋਧਾ ਸਿੰਘ, ਭਾਈ ਰੂਪਾ ਦੇ ਪ੍ਰਧਾਨ ਦੀਪ ਸਿੰਘ ਜੰਡੂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਪੱਤਰਕਾਰ ਭਾਈਚਾਰੇ ਵੱਲੋਂ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਅਰਦਾਸ ਕਰਕੇ ਵਾਹਿਗੁਰੂ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਗਈ।