ਸਾਹਿਤ ਸਿਰਜਣਾ ਮੰਚ ਬਠਿੰਡਾ ਵੱਲੋਂ ਗੋਸ਼ਟੀ ਤੇ ਕਵੀ ਦਰਬਾਰ 27 ਨੂੰ ਸਾਹਿਤ ਸਿਰਜਣਾ ਮੰਚ ਬਠਿੰਡਾ ਵੱਲੋਂ 27 ਸਤੰਬਰ ਨੂੰ ਗੋਸ਼ਟੀ ਤੇ ਕਵੀ ਦਰਬਾਰ
Publish Date: Thu, 24 Sep 2026 04:22 PM (IST)
Updated Date: Fri, 25 Sep 2026 04:01 AM (IST)
ਫੋਟੋ : 5 ਕੈਪਸ਼ਨ : ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕਰਦੇ ਹੋਏ ਸਾਹਿਤਕਾਰ। ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਾਹਿਤ ਸਿਰਜਣਾ ਮੰਚ ਬਠਿੰਡਾ ਵੱਲੋਂ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਦੀ ਚਰਚਿਤ ਪੁਸਤਕ ‘ਧਰਤ ਪਿਆਸੀ’ ਉਪਰ ਵਿਚਾਰ ਗੋਸ਼ਟੀ ਤੇ ਵਿਸ਼ਾਲ ਕਵੀ ਦਰਬਾਰ 27 ਸਤੰਬਰ ਨੂੰ ਸਵੇਰੇ 10 ਵਜੇ ਟੀਚਰਜ਼ ਹੋਮ, ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਇਕੱਤਰਤਾ ਹੋਈ, ਜਿਸ ’ਚ ਸਮਾਗਮ ਦੀਆਂ ਤਿਆਰੀਆਂ ਤੇ ਵੱਖ-ਵੱਖ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੰਚ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਮਾਗਮ ਦੀ ਸਫ਼ਲਤਾ ਲਈ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਵੀ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਜਸਵੰਤ ਜਫ਼ਰ ਕਰਨਗੇ। ਪ੍ਰਿੰ. ਤਸਵਿੰਦਰ ਸਿੰਘ ਤੇ ਪ੍ਰਿੰ. ਅਵਤਾਰ ਸਿੰਘ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ‘ਧਰਤ ਪਿਆਸੀ’ ਪੁਸਤਕ ਬਾਰੇ ਪ੍ਰਸਿੱਧ ਚਿੰਤਕ ਪ੍ਰੋ. ਤਰਸੇਮ ਨਰੂਲਾ ਅਤੇ ਉੱਘੇ ਆਲੋਚਕ ਪ੍ਰੋ. ਜਸਕਰਨ ਸਿੰਘ ਖੋਜ ਪੱਤਰ ਪੇਸ਼ ਕਰਨਗੇ। ਵਿਚਾਰ ਗੋਸ਼ਟੀ ਉਪਰੰਤ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਇਕੱਤਰਤਾ ਵਿੱਚ ਕੀਰਤੀ ਕਿਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ, ਜਗਨ ਨਾਥ, ਅਮਰਜੀਤ ਪੇਂਟਰ, ਪੋਰਿੰਦਰ ਕੁਮਾਰ ਸਿੰਗਲਾ, ਮੀਤ ਬਠਿੰਡਾ, ਗੁਰਪ੍ਰੀਤ ਕੌਰ ਪ੍ਰੀਤ, ਜਸਵਿੰਦਰ ਖੁੱਡੀਆਂ ਅਤੇ ਜਸਵਿੰਦਰ ਸੁਰਗੀਤ ਸਮੇਤ ਕਈ ਸਾਹਿਤਕਾਰ ਹਾਜ਼ਰ ਸਨ। ਮੰਚ ਸੰਚਾਲਨ ਡਾ. ਜਸਪਾਲਜੀਤ ਨੇ ਕੀਤਾ। ਅੰਤ ’ਚ ਨਾਵਲਕਾਰ ਪ੍ਰਿੰ. ਜਗਮੇਲ ਸਿੰਘ ਜਠੌਲ ਨੇ ਧੰਨਵਾਦ ਕਰਦਿਆਂ ਮੈਂਬਰਾਂ ਨੂੰ ਸਮਾਗਮ ਦੀ ਸਫ਼ਲਤਾ ਲਈ ਪੂਰੀ ਜ਼ਿੰਮੇਵਾਰੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।