ਸਤਪਾਲ ਅਜ਼ਾਦ ਮੈਮੋਰੀਅਲ ਲਾਇਬਰੇਰੀ ਨੇ ਉਤਸ਼ਾਹ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ ਸਤਪਾਲ ਅਜ਼ਾਦ ਮੈਮੋਰੀਅਲ ਲਾਇਬਰੇਰੀ ਨੇ ਉਤਸ਼ਾਹ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ
Publish Date: Mon, 17 Aug 2026 04:47 PM (IST)
Updated Date: Mon, 17 Aug 2026 04:48 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ ਬਠਿੰਡਾ ਵੱਲੋਂ 80ਵਾਂ ਆਜ਼ਾਦੀ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਲਾਇਬਰੇਰੀ ਦੇ ਪ੍ਰਧਾਨ ਡਾ. ਬਲਤੇਜ ਸਿੰਘ ਅਤੇ ਕਾਰਜਕਾਰਨੀ ਮੈਂਬਰਾਂ ਵੱਲੋਂ ਨਿਭਾਈ ਗਈ। ਇਸ ਉਪਰੰਤ ਹਾਜ਼ਰ ਅਹੁਦੇਦਾਰਾਂ ਅਤੇ ਮਹਿਮਾਨਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਿਆਸ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਦੇਸ਼ਭਗਤੀ ਦੇ ਗੀਤਾਂ ’ਤੇ ਡਾਂਸ, ਕਵਿਤਾਵਾਂ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਭ ਦਾ ਮਨ ਮੋਹ ਲਿਆ। ਪ੍ਰਧਾਨ ਡਾ. ਬਲਤੇਜ ਸਿੰਘ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਪੀਸੀਆਰ ਬਠਿੰਡਾ ਦੇ ਇੰਚਾਰਜ ਏਐੱਸਆਈ ਸੰਜੀਵ ਕੁਮਾਰ ਅਤੇ ਲੇਖਕ ਡਾ. ਜਗਤਾਰ ਸਿੰਘ ਭੰਗੂ ਨੂੰ ਸਾਹਿਤ ਪ੍ਰਤੀ ਸੇਵਾਵਾਂ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਲਾਇਬਰੇਰੀ ਦੇ ਪੁਰਾਣੇ ਪਾਠਕਾਂ ਅਤੇ ਡੀਪੀਐੱਸ ਦੇ ਸੰਗੀਤ ਅਧਿਆਪਕ ਬਲਜਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਿਆਸ ਸਕੂਲ ਦੇ ਬੱਚਿਆਂ ਅਤੇ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਹੋਰ ਬੱਚਿਆਂ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ। ਜਨਰਲ ਸਕੱਤਰ ਕੁਲਦੀਪ ਢੀਗਰਾ ਨੇ ਮੰਚ ਸੰਚਾਲਨ ਕੀਤਾ। ਸਮਾਗਮ ਵਿਚ ਲਾਇਬਰੇਰੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਅੰਤ ਵਿਚ ਮਹਿਮਾਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ।