ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ‘ਇਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਾਏ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ‘ਇਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਾਏ
Publish Date: Wed, 12 Aug 2026 04:32 PM (IST)
Updated Date: Wed, 12 Aug 2026 04:35 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਐੱਨਐੱਸਐੱਸ ਵਿਭਾਗ ਅਤੇ ਈਕੋ ਕਲੱਬ ਵੱਲੋਂ ਵਾਤਾਵਰਣ ਸੰਭਾਲ, ਹਰਿਆਵਲ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥਣਾਂ ਵਿਚ ਕੁਦਰਤ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ‘ਇਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਾਉਣ ਦੀ ਗਤੀਵਿਧੀ ਕਰਵਾਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਅਨਮੋਲ ਹਿੱਸਾ ਹਨ। ਇਹ ਸਾਨੂੰ ਸ਼ੁੱਧ ਹਵਾ, ਛਾਂ ਅਤੇ ਜੀਵਨ ਲਈ ਲੋੜੀਂਦਾ ਕੁਦਰਤੀ ਸੰਤੁਲਨ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਿਰਫ਼ ਸਰਕਾਰ ਜਾਂ ਕਿਸੇ ਇਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿਯਮਿਤ ਦੇਖਭਾਲ ਅਤੇ ਸਾਂਭ-ਸੰਭਾਲ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਮੁਹਿੰਮ ਦੌਰਾਨ ਐੱਨਐੱਸਐੱਸ ਵਲੰਟੀਅਰਾਂ ਅਤੇ ਈਕੋ ਕਲੱਬ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਕਾਲਜ ਕੈਂਪਸ ਵਿਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ। ਵਿਦਿਆਰਥਣਾਂ ਨੇ ਬੂਟਿਆਂ ਦੀ ਸੰਭਾਲ ਕਰਨ ਅਤੇ ਉਨ੍ਹਾਂ ਨੂੰ ਪੌਦੇ ਤੋਂ ਰੁੱਖ ਬਣਨ ਤੱਕ ਪਾਲਣ-ਪੋਸ਼ਣ ਕਰਨ ਦਾ ਸੰਕਲਪ ਵੀ ਲਿਆ। ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋ. ਸ਼ਾਲਿਨੀ ਸਹਿਗਲ, ਐੱਨਐੱਸਐੱਸ ਵਿਭਾਗ ਅਤੇ ਈਕੋ ਕਲੱਬ ਦੇ ਇੰਚਾਰਜ ਡਾ. ਅਮਨਪਾਲ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ. ਕਿਰਨ ਬਾਲਾ ਅਤੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਵਾਤਾਵਰਣ ਸੰਭਾਲ ਨਾਲ ਜੋੜਨਾ ਅਤੇ ਉਨ੍ਹਾਂ ਵਿਚ ‘ਇਕ ਬੂਟਾ-ਇਕ ਜ਼ਿੰਮੇਵਾਰੀ’ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ‘ਹਰਿਆਵਲ ਭਰਪੂਰ ਕੈਂਪਸ-ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ’ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ।