2 ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਣਗੇ ਧਰਨੇ : ਰਾਮਾ 2 ਨਵੰਬਰ ਨੂੰ ਪੰਜਾਬ ਭਰ 'ਚ ਡੀਆਰ ਦਫਤਰਾਂ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਣਗੇ ਧਰਨੇ
Publish Date: Fri, 30 Oct 2026 05:10 PM (IST)
Updated Date: Sat, 31 Oct 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਕਿਸਾਨ ਕ੍ਰੈਡਿਟ ਸਕੀਮ ਅਧੀਨ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵੱਲੋਂ ਜਾਰੀ ਕੀਤੇ ਨਵੇਂ ਨੋਟੀਫਿਕੇਸ਼ਨ ਵਿਚ ਕੀਤੀਆਂ ਕਿਸਾਨ ਵਿਰੋਧੀ ਸੋਧਾਂ ਨੂੰ ਰੱਦ ਕਰਵਾਉਣ ਅਤੇ ਡੀਏਪੀ ਖਾਦ ਦੀ ਢੁੱਕਵੀਂ ਸਪਲਾਈ ਯਕੀਨੀ ਬਣਾਉਣ ਲਈ 2 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਡੀਆਰ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨ. ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਸਹਿਕਾਰੀ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਨੇ ਸਹਿਕਾਰੀ ਖੇਤੀ ਕਰਜ਼ਿਆਂ ਦੇ ਸਮੁੱਚੇ ਢਾਂਚੇ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ, ਜਿਸ ਦਾ ਸਿੱਧਾ ਬੋਝ ਕਿਸਾਨਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਨਵੀਆਂ ਸੋਧਾਂ ਤਹਿਤ ਕਿਸਾਨਾਂ ਦੀ ਹਿੱਸੇਦਾਰੀ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਪਹਿਲਾਂ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਪ੍ਰਤੀ ਇਕ ਲੱਖ ਰੁਪਏ ਕਰਜ਼ੇ ਪਿੱਛੇ ਤਿੰਨ ਫ਼ੀਸਦੀ ਹਿੱਸੇਦਾਰੀ ਜਮ੍ਹਾਂ ਕਰਵਾਉਣੀ ਪੈਂਦੀ ਸੀ, ਜਿਸ ਨੂੰ ਹੁਣ ਵਧਾ ਕੇ ਛੇ ਫ਼ੀਸਦੀ ਕਰਨ ਦੀ ਗੱਲ ਕਹੀ ਗਈ ਹੈ। ਇਸੇ ਤਰ੍ਹਾਂ ਛੇ ਏਕੜ ਜਾਂ ਇਸ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੀ ਹਿੱਸੇਦਾਰੀ ਨੌਂ ਫ਼ੀਸਦੀ ਤੱਕ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਹਿਲਾਂ ਹਿੱਸੇਦਾਰੀ ਦੀ ਅੱਧੀ ਰਕਮ ਪਿੰਡ ਦੀ ਸਹਿਕਾਰੀ ਸਭਾ ਅਤੇ ਅੱਧੀ ਕੇਂਦਰੀ ਸਹਿਕਾਰੀ ਬੈਂਕ ਵਿਚ ਜਮ੍ਹਾਂ ਹੁੰਦੀ ਸੀ, ਪਰ ਹੁਣ ਪੂਰੀ ਰਕਮ ਜ਼ਿਲ੍ਹਾ ਜਾਂ ਰਾਜ ਸਹਿਕਾਰੀ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਨਾਲ ਕਿਸਾਨਾਂ ਨੂੰ ਕਰਜ਼ੇ ਦੀ ਮਿਲਣ ਵਾਲੀ ਅਸਲ ਰਕਮ ਘਟੇਗੀ ਅਤੇ ਆਪਣੀ ਹਿੱਸੇਦਾਰੀ ਵਾਪਸ ਲੈਣ ਲਈ ਬੈਂਕਾਂ ਦੇ ਚੱਕਰ ਲਾਉਣੇ ਪੈਣਗੇ।