‘ਮਾਵਾਂ-ਧੀਆਂ ਸਤਿਕਾਰ’ ਯੋਜਨਾ ‘ਚ ਸਖੀਆਂ ਦਾ ਅਹਿਮ ਯੋਗਦਾਨ : ਭੱਲਾ ‘ਮਾਵਾਂ-ਧੀਆਂ ਸਤਿਕਾਰ’ ਯੋਜਨਾ ‘ਚ ਸਖੀਆਂ ਦਾ ਅਹਿਮ ਯੋਗਦਾਨ-ਭੱਲਾ
Publish Date: Sat, 08 Aug 2026 04:03 PM (IST)
Updated Date: Sat, 08 Aug 2026 04:05 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਸਫਲ ਬਣਾਉਣ ਅਤੇ ਇਸ ਦਾ ਲਾਭ ਲੋੜਵੰਦ ਔਰਤਾਂ ਤੱਕ ਪਹੁੰਚਾਉਣ ਵਿਚ ਸਖੀਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ। ਸਖੀਆਂ ਦੇ ਸਹਿਯੋਗ ਨਾਲ ਸੂਬੇ ਦੀਆਂ ਕਰੀਬ 70 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿਚ ਯੋਜਨਾ ਤਹਿਤ ਰਾਸ਼ੀ ਪਹੁੰਚਾਉਣ ਦਾ ਕੰਮ ਸੰਭਵ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਰਾਮਪੁਰਾ ਫੂਲ ਹਲਕੇ ਦੀਆਂ ਸਖੀਆਂ ਨਾਲ ਮੀਟਿੰਗ ਦੌਰਾਨ ਕੀਤਾ। ਕੋਠਾ ਗੁਰੂ ਸੰਗਠਨ ਦੀ ਇੰਚਾਰਜ ਸੁਨੀਤਾ ਰਾਣੀ ਅਤੇ ਮਹਿਲਾ ਵਿੰਗ ਦੀ ਆਗੂ ਬਲਜੀਤ ਕੌਰ ਫੂਲ ਦੀ ਅਗਵਾਈ ਹੇਠ ਹੋਈ ਮੀਟਿੰਗ ਜਤਿੰਦਰ ਸਿੰਘ ਭੱਲਾ ਦੇ ਦਫ਼ਤਰ ਕੋਠਾ ਗੁਰੂ ਵਿਖੇ ਹੋਈ। ਮੀਟਿੰਗ ਦੌਰਾਨ ਸਖੀਆਂ ਵੱਲੋਂ ਯੋਜਨਾ ਨੂੰ ਲਾਗੂ ਕਰਨ ਦੌਰਾਨ ਦਰਪੇਸ਼ ਸਮੱਸਿਆਵਾਂ, ਲੋਕਾਂ ਤੱਕ ਯੋਜਨਾ ਦੀ ਜਾਣਕਾਰੀ ਪਹੁੰਚਾਉਣ ਤੇ ਇਸ ਦੇ ਲਾਭ ਨੂੰ ਯੋਗ ਔਰਤਾਂ ਤੱਕ ਪਹੁੰਚਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਤਿੰਦਰ ਭੱਲਾ ਨੇ ਕਿਹਾ ਕਿ ‘ਮਾਵਾਂ-ਧੀਆਂ ਸਤਿਕਾਰ’ ਯੋਜਨਾ ਸਰਕਾਰ ਦੀ ਇਕ ਅਹਿਮ ਪਹਿਲਕਦਮੀ ਹੈ, ਜਿਸ ਦਾ ਮਕਸਦ ਔਰਤਾਂ ਦੇ ਸਨਮਾਨ ਅਤੇ ਆਰਥਿਕ ਸਹਾਇਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿਚ ਸਖੀਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਦੇਣ ਤੋਂ ਲੈ ਕੇ ਲਾਭਪਾਤਰੀਆਂ ਨੂੰ ਇਸ ਨਾਲ ਜੋੜਨ ਤੱਕ ਅਹਿਮ ਯੋਗਦਾਨ ਪਾਇਆ ਹੈ। ਭੱਲਾ ਨੇ ਕਿਹਾ ਕਿ ਸਖੀਆਂ ਵੱਲੋਂ ਕੀਤੀ ਗਈ ਮਿਹਨਤ ਨੂੰ ਸਰਕਾਰ ਵੱਲੋਂ ਮਾਨਤਾ ਦਿੱਤੀ ਜਾ ਰਹੀ ਹੈ। ਇਸ ਤਹਿਤ ਹਰ ਸਖੀ ਨੂੰ 15 ਹਜ਼ਾਰ ਰੁਪਏ ਦਾ ਮਾਣ-ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਣ-ਭੱਤੇ ਦੀ ਪਹਿਲੀ ਕਿਸ਼ਤ ਅਗਸਤ ਮਹੀਨੇ ਅਤੇ ਦੂਜੀ ਕਿਸ਼ਤ ਨਵੰਬਰ ਮਹੀਨੇ ਵਿਚ ਸਖੀਆਂ ਦੇ ਖਾਤਿਆਂ ਵਿਚ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਖੀਆਂ ਦੀ ਭੂਮਿਕਾ ਸਿਰਫ਼ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਤੱਕ ਸੀਮਤ ਨਹੀਂ ਹੈ, ਸਗੋਂ ਉਹ ਸਰਕਾਰ ਅਤੇ ਲੋਕਾਂ ਵਿਚਕਾਰ ਇਕ ਮਹੱਤਵਪੂਰਨ ਕੜੀ ਵਜੋਂ ਕੰਮ ਕਰ ਰਹੀਆਂ ਹਨ। ਸਖੀਆਂ ਵੱਲੋਂ ਔਰਤਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਬਣਦਾ ਲਾਭ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਇਸ ਮੌਕੇ ਸਰਪੰਚ ਗੋਬਿੰਦਰਪਾਲ ਸਿੰਘ, ਕੌਂਸਲਰ ਰਵੀ ਖੱਤਰੀ, ਕੁਲਦੀਪ ਸਿੰਘ, ਗਗਨਦੀਪ ਸਿੰਘ, ਹਰਮੇਲ ਕੌਰ ਕਾਲੋਕੇ ਸਮੇਤ ਹੋਰ ਆਗੂ ਅਤੇ ਸਖੀਆਂ ਹਾਜ਼ਰ ਸਨ।