ਆਰਟੀਆਈ ਦਾ ਖੁਲਾਸਾ: 31 ਮਹੀਨਿਆਂ ’ਚ ਪੰਜਾਬ ’ਚ 58,619 ਸੜਕ ਹਾਦਸੇ ਐੱਸਐੱਸਐੱਫ ਕੋਲ ਪਹੁੰਚੇ ਆਰਟੀਆਈ ਦਾ ਖੁਲਾਸਾ: 31 ਮਹੀਨਿਆਂ ’ਚ ਪੰਜਾਬ ’ਚ 58,619 ਸੜਕ ਹਾਦਸੇ ਐੱਸਐੱਸਐੱਫ ਕੋਲ ਪਹੁੰਚੇ
Publish Date: Wed, 30 Sep 2026 04:27 PM (IST)
Updated Date: Wed, 30 Sep 2026 04:30 PM (IST)
ਔਸਤ ਹਰ ਮਹੀਨੇ 1,891 ਸੜਕ ਹਾਦਸੇ, ਸਰਕਾਰੀ ਗੱਡੀਆਂ ਦੀ ਮੁਰੰਮਤ ’ਤੇ ਖਰਚਾ ਦੱਸਣ ਤੋਂ ਇਨਕਾਰ, ਮਾਮਲਾ ਅਪੀਲ ਅਥਾਰਟੀ ਕੋਲ ਪਹੁੰਚਿਆ ਸੜਕ ਸੁਰੱਖਿਆ ਫੋਰਸ ਦੀਆਂ ਕਈ ਗੱਡੀਆਂ ਖਸਤਾ ਹਾਲਤ ਪੁੱਜੀਆਂ, ਸੜਕਾਂ ’ਤੇ ਘੱਟ ਨਜ਼ਰ ਆ ਰਹੀ ਹੈ ਐਸਐਸਐਫ਼ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਵਿਚ ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਕੋਲ ਲਗਭਗ ਢਾਈ ਸਾਲਾਂ ਦੌਰਾਨ 58,619 ਸੜਕ ਹਾਦਸਿਆਂ ਦੇ ਕੇਸ ਪਹੁੰਚੇ ਹਨ। ਇਹ ਅੰਕੜੇ ਬਠਿੰਡਾ ਵਾਸੀ ਆਰਟੀਆਈ ਕਾਰਕੁਨ ਸੰਜੀਵ ਗੋਇਲ ਵੱਲੋਂ ਦਾਇਰ ਕੀਤੀ ਗਈ ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਵਿਚ ਸਾਹਮਣੇ ਆਏ ਹਨ। ਹਾਲਾਕਿ ਪਤਾ ਲੱਗਾ ਸੀ ਕਿ ਸੜਕ ਸੁਰੱਖਿਆ ਫੋਰਸ ਨੂੰ ਮੁਹੱਈਆ ਕੀਤੀਆਂ ਕਈ ਗੱਡੀਆਂ ਖਸਤਾ ਹਾਲਤ ਪੁੱਜ ਗਈਆਂ ਹਨ, ਜਿਸ ਕਾਰਨ ਹੁਣ ਹੁਣ ਗੱਡੀਆਂ ਸੜਕਾਂ ਕਿਨਾਰੇ ਨਜ਼ਰ ਨਹੀਂ ਆ ਰਹੀਆਂ। ਸੰਜੀਵ ਗੋਇਲ ਵੱਲੋਂ 4 ਸਤੰਬਰ 2026 ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਦਫ਼ਤਰ ਵਿੱਚ ਆਨਲਾਈਨ ਆਰਟੀਆਈ ਅਰਜ਼ੀ ਦਾਇਰ ਕਰਕੇ ਐੱਸਐੱਸਐੱਫ ਕੋਲ ਪਹੁੰਚੇ ਸੜਕ ਹਾਦਸਿਆਂ ਦੀ ਗਿਣਤੀ ਅਤੇ ਐੱਸਐੱਸਐੱਫ ਦੀਆਂ ਗੱਡੀਆਂ ਦੀ ਮੁਰੰਮਤ ’ਤੇ ਹੋਏ ਖਰਚ ਸਮੇਤ ਹੋਰ ਜਾਣਕਾਰੀ ਮੰਗੀ ਗਈ ਸੀ। ਇਹ ਅਰਜ਼ੀ ਦਫ਼ਤਰ ਵੱਲੋਂ ਸੀਨੀਅਰ ਕਪਤਾਨ ਪੁਲਿਸ, ਸੜਕ ਸੁਰੱਖਿਆ ਫੋਰਸ, ਪੰਜਾਬ ਚੰਡੀਗੜ੍ਹ ਨੂੰ ਤਬਦੀਲ ਕੀਤੀ ਗਈ। ਸਬੰਧਤ ਸਹਾਇਕ ਲੋਕ ਸੂਚਨਾ ਅਧਿਕਾਰੀ ਵੱਲੋਂ ਪੱਤਰ ਨੰਬਰ 7107 ਮਿਤੀ 22 ਸਤੰਬਰ 2026 ਰਾਹੀਂ ਕੁਝ ਜਾਣਕਾਰੀ ਮੁਹੱਈਆ ਕਰਵਾਈ ਗਈ। ਆਰਟੀਆਈ ਰਾਹੀਂ ਮਿਲੇ ਅੰਕੜਿਆਂ ਅਨੁਸਾਰ 1 ਫਰਵਰੀ 2024 ਤੋਂ 31 ਅਗਸਤ 2026 ਤਕ ਐੱਸਐੱਸਐੱਫ ਕੋਲ ਕੁੱਲ 58,619 ਹਾਦਸਿਆਂ ਦੇ ਕੇਸ ਦਰਜ ਹੋਏ। ਸਾਲ 2024 ਵਿੱਚ 19,379 ਅਤੇ ਸਾਲ 2025 ਵਿੱਚ 22,570 ਹਾਦਸੇ ਅਤੇ 8 ਅਗਸਤ 2026 ਤਕ 16,570 ਸੜਕ ਹਾਦਸਿਆਂ ਦੀ ਸੂਚਨਾ ਐਸਐਸਐਫ਼ ਕੋਲ ਪਹੁੰਚੇ ਹਨ। ਅ ਇਨ੍ਹਾਂ ਅੰਕੜਿਆਂ ਮੁਤਾਬਕ 31 ਮਹੀਨਿਆਂ ਵਿੱਚ ਔਸਤਨ 1,891 ਹਾਦਸੇ ਪ੍ਰਤੀ ਮਹੀਨਾ ਐੱਸਐੱਸਐੱਫ ਦੇ ਧਿਆਨ ਵਿੱਚ ਆਏ। ਇਸੇ ਔਸਤ ਨੂੰ ਸਾਲਾਨਾ ਆਧਾਰ ’ਤੇ ਦੇਖਿਆ ਜਾਵੇ ਤਾਂ ਇਹ ਅੰਕੜਾ ਲਗਭਗ 23,448 ਹਾਦਸੇ ਪ੍ਰਤੀ ਸਾਲ ਬਣਦਾ ਹੈ। ਗੱਡੀਆਂ ਦੀ ਮੁਰੰਮਤ ਸਬੰਧੀ ਜਾਣਕਾਰੀ ’ਤੇ ਵਿਵਾਦ ਆਰਟੀਆਈ ਕਾਰਕੁਨ ਸੰਜੀਵ ਗੋਇਲ ਨੇ ਐੱਸਐੱਸਐੱਫ ਦੀਆਂ ਸਰਕਾਰੀ ਗੱਡੀਆਂ ਦੀ ਮੁਰੰਮਤ ’ਤੇ ਸ਼ੁਰੂਆਤ ਤੋਂ ਹੁਣ ਤਕ ਹੋਏ ਖਰਚੇ ਦੀ ਜਾਣਕਾਰੀ ਵੀ ਮੰਗੀ ਸੀ। ਉਸ ਅਨੁਸਾਰ ਮੁਰੰਮਤ ਨਾਂ ਹੋਣ ਕਾਰਨ ਕਈ ਗੱਡੀਆਂ ਖਸਤਾ ਹਾਲਤ ਵਿਚ ਹਨ। ਉਨ੍ਹਾਂ ਅਨੁਸਾਰ ਸਹਾਇਕ ਲੋਕ ਸੂਚਨਾ ਅਧਿਕਾਰੀ ਵੱਲੋਂ ਆਰਟੀਆਈ ਐਕਟ ਦੀ ਧਾਰਾ 8(1)(d) ਦਾ ਹਵਾਲਾ ਦਿੰਦਿਆਂ ਇਹ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਗੋਇਲ ਦਾ ਕਹਿਣਾ ਹੈ ਕਿ ਸਰਕਾਰੀ ਗੱਡੀਆਂ ਦੀ ਮੁਰੰਮਤ ’ਤੇ ਹੋਏ ਸਰਕਾਰੀ ਖਰਚੇ ਦੀ ਰਕਮ ਬਾਰੇ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਅਪੀਲ ਅਥਾਰਟੀ ਕੋਲ ਅਪੀਲ ਵੀ ਦਾਇਰ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਵੀ ਕਈ ਵਾਰ ਐੱਸਐੱਸਐੱਫ ਦੀਆਂ ਗੱਡੀਆਂ ਦੀ ਮੁਰੰਮਤ ਦੇ ਖਰਚੇ ਸਬੰਧੀ ਜਾਣਕਾਰੀ ਮੰਗੀ ਗਈ, ਪਰ ਉਨ੍ਹਾਂ ਨੂੰ ਜਾਣਕਾਰੀ ਨਹੀਂ ਮਿਲੀ। ਗੋਇਲ ਨੇ ਮੁਰੰਮਤ ਦੇ ਖਰਚਿਆਂ ਵਿੱਚ ਬੇਨਿਯਮੀਆਂ ਹੋਣ ਦਾ ਸ਼ੱਕ ਪ੍ਰਗਟ ਕਰਦਿਆਂ ਮਾਮਲੇ ਦੀ ਵਿਜੀਲੈਂਸ ਜਾਂ ਕਿਸੇ ਹੋਰ ਸਮਰੱਥ ਸਰਕਾਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਆਰਟੀਆਈ ਵਿੱਚ ਜਾਣਕਾਰੀ ਨਾ ਮਿਲਣ ਨੂੰ ਆਪਣੇ ਆਪ ਵਿੱਚ ਕਿਸੇ ਘਪਲੇ ਦਾ ਸਬੂਤ ਨਹੀਂ ਮੰਨਿਆ ਜਾ ਸਕਦਾ ਅਤੇ ਇਸ ਸਬੰਧੀ ਕਿਸੇ ਬੇਨਿਯਮੀ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕਦੀ ਹੈ। ਹਾਦਸੇ ਦੀ ਸੂਰਤ ’ਚ 112 ’ਤੇ ਮਿਲੇਗੀ ਮਦਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ ਸੁਰੱਖਿਆ ਫੋਰਸ ਦਾ ਮੁੱਖ ਉਦੇਸ਼ ਸੜਕਾਂ ਅਤੇ ਹਾਈਵੇਅ ’ਤੇ ਹਾਦਸਿਆਂ ਦੀ ਸੂਰਤ ਵਿੱਚ ਤੁਰੰਤ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣਾ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣਾ ਹੈ। ਪੰਜਾਬ ਵਿੱਚ ਐੱਸਐੱਸਐੱਫ ਦੀ ਸ਼ੁਰੂਆਤ 1 ਫਰਵਰੀ 2024 ਤੋਂ ਕੀਤੀ ਗਈ ਸੀ। ਸੜਕ ’ਤੇ ਹਾਦਸਾ ਵਾਪਰਨ ਜਾਂ ਕਿਸੇ ਹੋਰ ਐਮਰਜੈਂਸੀ ਸਹਾਇਤਾ ਦੀ ਲੋੜ ਹੋਣ ’ਤੇ ਲੋਕ 112 ’ਤੇ ਕਾਲ ਕਰਕੇ ਸਹਾਇਤਾ ਲੈ ਸਕਦੇ ਹਨ। ਐੱਸਐੱਸਐੱਫ ਦੀਆਂ ਟੀਮਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਮਦਦ ਮੁਹੱਈਆ ਕਰਵਾਉਣ ਲਈ ਕੰਮ ਕਰਦੀਆਂ ਹਨ।ਬਾਕਸ 1 ਫਰਵਰੀ 2024 ਤੋਂ 31 ਦਸੰਬਰ 2024: 19,379 ਹਾਦਸੇ 1 ਜਨਵਰੀ 2025 ਤੋਂ 31 ਦਸੰਬਰ 2025: 22,570 ਹਾਦਸੇ 1 ਜਨਵਰੀ 2026 ਤੋਂ 31 ਅਗਸਤ 2026: 16,670 ਹਾਦਸੇ ਕੁੱਲ: 58,619 ਹਾਦਸੇ