ਬਠਿੰਡਾ ’ਚ 7 ਸਾਲਾਂ ਦੌਰਾਨ ਨਸ਼ਿਆਂ ਸਬੰਧੀ 6596 ਮੁਕੱਦਮੇ ਦਰਜ ਆਰਟੀਆਈ ਨੇ ਖੋਲ੍ਹੀ ਨਸ਼ਾ ਤਸਕਰੀ ਦੀ ਪੋਲ: ਬਠਿੰਡਾ ਵਿੱਚ 7 ਸਾਲਾਂ ਦੌਰਾਨ ਨਸ਼ਿਆਂ ਸਬੰਧੀ 6596 ਮੁਕੱਦਮੇ ਦਰਜ
Publish Date: Mon, 23 Nov 2026 03:45 PM (IST)
Updated Date: Mon, 23 Nov 2026 03:46 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਵਿਚ ਨਸ਼ਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਨਸ਼ਾ ਤਸਕਰੀ ਦਾ ਕਾਰੋਬਾਰ ਪੰਜਾਬ ਦੀ ਜਵਾਨੀ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਸਰਕਾਰਾਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਮੇਂ-ਸਮੇਂ ’ਤੇ ਵੱਖ-ਵੱਖ ਮੁਹਿੰਮਾਂ ਵੀ ਚਲਾਈਆਂ ਗਈਆਂ ਹਨ, ਪਰ ਬਠਿੰਡਾ ਪੁਲਿਸ ਵੱਲੋਂ ਪਿਛਲੇ ਕਰੀਬ ਸੱਤ ਸਾਲਾਂ ਦੌਰਾਨ ਦਰਜ ਕੀਤੀਆਂ ਗਈਆਂ ਐੱਫਆਈਆਰਜ਼ ਦੇ ਅੰਕੜੇ ਇਸ ਸਮੱਸਿਆ ਦੀ ਗੰਭੀਰਤਾ ਨੂੰ ਬਿਆਨ ਕਰਦੇ ਹਨ। ਸੂਚਨਾ ਦਾ ਅਧਿਕਾਰ ਕਾਨੂੰਨ-2005 ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਵੱਲੋਂ ਸਾਲ 2020 ਤੋਂ 2026 ਤੱਕ ਨਸ਼ਿਆਂ ਸਬੰਧੀ ਕੁੱਲ 6596 ਮੁਕੱਦਮੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ 6171 ਮੁਕੱਦਮੇ ਖਾਸ ਤੌਰ ’ਤੇ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਤਸਕਰੀ ਦੇ ਮਾਮਲਿਆਂ ਨਾਲ ਸਬੰਧਤ ਹਨ। ਇਹ ਅੰਕੜੇ ਆਪਣੇ ਆਪ ਵਿੱਚ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਨਸ਼ਿਆਂ ਦੀ ਵਿਕਰੀ ਤੇ ਤਸਕਰੀ ਬਠਿੰਡਾ ਜ਼ਿਲ੍ਹੇ ਲਈ ਕਿੰਨੀ ਵੱਡੀ ਚੁਣੌਤੀ ਬਣੀ ਹੋਈ ਹੈ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਹਰ ਮਹੀਨੇ 80 ਨਸ਼ਾ ਤਸਕਰੀ ਦੇ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਹਰ ਸਾਲ 942 ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਸਭ ਤੋਂ ਵੱਧ ਸਾਲ 2025 ’ਚ 1,784 ਅਤੇ 2026 ’ਚ 2,062 ਮਾਮਲੇ ਦਰਜ ਕੀਤੇ ਗਏ ਹਨ। ਬਾਕਸ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ 6171 ਮਾਮਲੇ, ਫਿਰ ਵੀ ਨਹੀਂ ਰੁਕ ਰਹੀ ਨਸ਼ਿਆਂ ਦੀ ਵਿਕਰੀ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਸਬੰਧੀ ਦਰਜ ਕੁੱਲ 6596 ਮਾਮਲਿਆਂ ਵਿਚੋਂ 6171 ਮੁਕੱਦਮੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਦਰਜ ਹੋਏ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਨਸ਼ਾ ਕਰਨ ਵਾਲਿਆਂ ਤੱਕ ਸੀਮਤ ਨਹੀਂ, ਸਗੋਂ ਇਸ ਦੇ ਪਿੱਛੇ ਸਰਗਰਮ ਨਸ਼ਾ ਸਪਲਾਈ ਅਤੇ ਵਿਕਰੀ ਦਾ ਨੈੱਟਵਰਕ ਵੀ ਇੱਕ ਵੱਡੀ ਚੁਣੌਤੀ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਦੋਂ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਜ਼ਾਰਾਂ ਮਾਮਲੇ ਦਰਜ ਹੋ ਚੁੱਕੇ ਹਨ ਤਾਂ ਫਿਰ ਨਸ਼ੇ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਕਿਉਂ ਨਹੀਂ ਲੱਗ ਰਹੀ? ਕੀ ਨਸ਼ਾ ਤਸਕਰੀ ਦੇ ਨੈੱਟਵਰਕ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਕਾਰਵਾਈ ਦੇ ਬਾਵਜੂਦ ਇਹ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ? ਬਾਕਸ ਸਾਲ 2025 ਤੇ 2026 ’ਚ ਸਭ ਤੋਂ ਵੱਧ ਐੱਫਆਈਆਰਜ਼ ਆਰਟੀਆਈ ਰਾਹੀਂ ਮਿਲੀ ਜਾਣਕਾਰੀ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ ਸੱਤ ਸਾਲਾਂ ਦੌਰਾਨ ਸਾਲ 2025 ਅਤੇ 2026 ਵਿੱਚ ਸਭ ਤੋਂ ਵੱਧ ਐੱਫਆਈਆਰ. ਦਰਜ ਕੀਤੀਆਂ ਗਈਆਂ ਹਨ। ਇਹ ਅੰਕੜੇ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਦੇ ਨਾਲ-ਨਾਲ ਇਸ ਸਮੱਸਿਆ ਦੀ ਲਗਾਤਾਰ ਗੰਭੀਰਤਾ ਵੱਲ ਵੀ ਧਿਆਨ ਖਿੱਚਦੇ ਹਨ। ਹਾਲਾਂਕਿ ਵੱਧ ਐੱਫਆਈਆਰਜ਼ ਦਰਜ ਹੋਣ ਦਾ ਮਤਲਬ ਪੁਲਿਸ ਵੱਲੋਂ ਵਧੇਰੇ ਕਾਰਵਾਈ ਹੋਣਾ ਵੀ ਹੋ ਸਕਦਾ ਹੈ, ਪਰ ਇਸ ਦੇ ਨਾਲ ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਨਸ਼ਾ ਵੇਚਣ ਵਾਲਿਆਂ ਦੀ ਸਪਲਾਈ ਚੇਨ ਨੂੰ ਤੋੜਨ ਵਿੱਚ ਕਿੰਨੀ ਸਫ਼ਲਤਾ ਮਿਲੀ ਹੈ ਅਤੇ ਨਸ਼ਾ ਅਸਲ ਵਿੱਚ ਕਿੰਨਾ ਘਟਿਆ ਹੈ? ਬਾਕਸ ਵੱਖ-ਵੱਖ ਸਰਕਾਰਾਂ ਤੇ ਪਾਰਟੀਆਂ ਨੇ ਚਲਾਈਆਂ ਨਸ਼ਾ ਵਿਰੋਧੀ ਮੁਹਿੰਮਾਂ ਪੰਜਾਬ ਵਿੱਚ ਵੱਖ-ਵੱਖ ਸਮੇਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕਈ ਮੁਹਿੰਮਾਂ ਚਲਾਉਣ ਦੇ ਦਾਅਵੇ ਕੀਤੇ ਗਏ। ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਸਪਲਾਈ ਚੇਨ ਤੋੜਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਸੱਚਾਈ ਕੋਹਾਂ ਦੂਰ ਜਾਪਦੀ ਹੈ। ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਕੱਢ ਕੇ ਨਾਅਰਾ ਦਿੱਤਾ ਗਿਆ ਕਿ ਭਾਜਪਾ ਦਾ ਇੱਕੋਂ ਨਾਅਰਾ, ਨਸ਼ ਮੁਕਾਉਣਾ ਸਾਰਾ। ਭਾਜਪਾ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਲੋਕਾਂ ਨਾਲ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਨਸ਼ਾ ਛੱਡੋ, ਭਾਰਤ ਜੋੜੋ ਮੁਹਿੰਮ ਚਲਾਈ ਗਈ ਹੈ। ਸ੍ਰੋਮਣੀ ਅਕਾਲੀ ਦਲ ਵੱਲੋਂ ਮਾਵਾਂ-ਧੀਆਂ ਇਨਸਾਫ਼ ਮੁਹਿੰਮ ਤਹਿਤ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢੀ ਗਈ ਹੇ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨਸ਼ਿਆਂ ਖਿਲਾਫ਼ ਪ੍ਰਚਾਰ ਕਰ ਰਹੇ ਹਨ। ਬਾਕਸ ਆਰਟੀਆਈ ਰਾਹੀਂ ਮੰਗੀ ਸੀ ਸੱਤ ਸਾਲਾਂ ਦੇ ਅੰਕੜਿਆਂ ਦੀ ਜਾਣਕਾਰੀ ਇਸ ਸਬੰਧੀ ਆਰਟੀਆਈ ਕਾਰਕੁਨ ਸੰਜੀਵ ਵੱਲੋਂ ਸੂਚਨਾ ਦਾ ਅਧਿਕਾਰ ਕਾਨੂੰਨ-2005 ਤਹਿਤ ਮਿਤੀ 29 ਅਕਤੂਬਰ 2026 ਨੂੰ ਦਫ਼ਤਰ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਵਿਖੇ ਅਰਜ਼ੀ ਦਾਇਰ ਕੀਤੀ ਗਈ ਸੀ। ਇਸ ਵਿੱਚ ਸਾਲ 2020 ਤੋਂ ਲੈ ਕੇ ਸਾਲ 2026 ਤੱਕ ਨਸ਼ਿਆਂ ਸਬੰਧੀ ਦਰਜ ਸਾਰੀਆਂ ਐੱਫਆਈਆਰਜ਼ ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਦਰਜ ਮਾਮਲਿਆਂ ਦੀ ਜਾਣਕਾਰੀ ਮੰਗੀ ਗਈ ਸੀ। ਇਸ ਦੇ ਜਵਾਬ ਵਿੱਚ ਦਫ਼ਤਰ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਵੱਲੋਂ ਮਿਤੀ 18 ਨਵੰਬਰ 2026 ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਜਾਣਕਾਰੀ ਵਿੱਚ ਸਾਹਮਣੇ ਆਏ 6596 ਦੇ ਅੰਕੜਿਆਂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਗੰਭੀਰ ਚਰਚਾ ਛੇੜ ਦਿੱਤੀ ਹੈ। ਬਾਕਸ ਬਠਿੰਡਾ ਪੁਲਿਸ ਵੱਲੋਂ ਸਾਲ 2020 ਤੋਂ 2026 ਤੱਕ ਨਸ਼ਿਆਂ ਸਬੰਧੀ ਦਰਜ ਐੱਫਆਈਆਰਜ਼ ਦਾ ਵੇਰਵਾ ਸਾਲ ਦਰਜ ਐੱਫਆਈਆਰਜ਼ 2020 464 2021 582 2022 476 2023 620 2024 608 2025 1,784 2026 2,062 ਕੁੱਲ 2020–2026 6,596