ਭੱਠੀ ਰੋਡ ’ਤੇ ਖੋਖਾ ਚਾਲਕ ਤੋਂ 10 ਹਜ਼ਾਰ ਰੁਪਏ ਲੁੱਟੇ ਭੱਠੀ ਰੋਡ ’ਤੇ ਖੋਖਾ ਚਾਲਕ ਤੋਂ 10 ਹਜ਼ਾਰ ਰੁਪਏ ਲੁੱਟੇ
Publish Date: Thu, 03 Sep 2026 06:41 PM (IST)
Updated Date: Fri, 04 Sep 2026 04:04 AM (IST)
ਪਲਸਰ ਸਵਾਰ ਦੋ ਨੌਜਵਾਨ ਸਾਮਾਨ ਖਰੀਦਣ ਦੇ ਬਹਾਨੇ ਪਹੁੰਚੇ ਜੇਬ ’ਚੋਂ ਨਕਦੀ ਕੱਢ ਕੇ ਬੱਲਾਰਾਮ ਨਗਰ ਵੱਲ ਹੋਏ ਫ਼ਰਾਰ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਗਰਣ ਬਠਿੰਡਾ : ਸ਼ਹਿਰ ਦੇ ਭੱਠੀ ਰੋਡ ’ਤੇ ਬੀੜੀ-ਸਿਗਰਟ ਦਾ ਖੋਖਾ ਲਗਾਉਣ ਵਾਲੇ ਪ੍ਰਵਾਸੀ ਬਜ਼ੁਰਗ ਤੋਂ ਪਲਸਰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ 10 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਵੀਰਵਾਰ ਸ਼ਾਮ ਕਰੀਬ ਚਾਰ ਵਜੇ ਦੀ ਦੱਸੀ ਜਾ ਰਹੀ ਹੈ। ਮੀਂਹ ਦੌਰਾਨ ਦੋਵੇਂ ਨੌਜਵਾਨ ਖੋਖੇ ’ਤੇ ਪਹੁੰਚੇ ਸਨ। ਇੱਕ ਨੌਜਵਾਨ ਸਾਮਾਨ ਖਰੀਦਣ ਦੇ ਬਹਾਨੇ ਖੋਖੇ ਅੰਦਰ ਗਿਆ ਅਤੇ ਮੌਕਾ ਮਿਲਦਿਆਂ ਹੀ ਪੀੜਤ ਦੀ ਕਮੀਜ਼ ਦੀ ਉੱਪਰਲੀ ਜੇਬ ਵਿੱਚ ਰੱਖੀ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ। ਇਸ ਤੋਂ ਬਾਅਦ ਉਹ ਆਪਣੇ ਸਾਥੀ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੱਲਾਰਾਮ ਨਗਰ ਵੱਲ ਫ਼ਰਾਰ ਹੋ ਗਿਆ। ਦਿਨ-ਦਿਹਾੜੇ ਵਾਪਰੀ ਇਸ ਵਾਰਦਾਤ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬਿਹਾਰ ਵਾਸੀ ਬਿਦਰੇਸ਼ੀ ਸ਼ਾਹ ਨੇ ਦੱਸਿਆ ਕਿ ਉਹ ਭੱਠੀ ਰੋਡ ’ਤੇ ਬੀੜੀ-ਸਿਗਰਟ ਵੇਚਣ ਦਾ ਖੋਖਾ ਲਗਾ ਕੇ ਕੰਮ ਕਰਦਾ ਹੈ। ਵੀਰਵਾਰ ਸ਼ਾਮ ਕਰੀਬ ਚਾਰ ਵਜੇ ਮੀਂਹ ਪੈ ਰਿਹਾ ਸੀ ਅਤੇ ਉਹ ਖੋਖੇ ਅੰਦਰ ਬੈਠਾ ਹੋਇਆ ਸੀ। ਇਸ ਦੌਰਾਨ ਕਾਲੇ ਰੰਗ ਦੀ ਪਲਸਰ ਮੋਟਰਸਾਈਕਲ ’ਤੇ ਦੋ ਨੌਜਵਾਨ ਉੱਥੇ ਪਹੁੰਚੇ। ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਕੇ ਖੋਖੇ ’ਤੇ ਆਇਆ ਅਤੇ ਉਸ ਤੋਂ ਕੂਲ-ਲਿਪ ਮੰਗਣ ਲੱਗਾ। ਜਦੋਂ ਉਹ ਸਾਮਾਨ ਕੱਢ ਕੇ ਦੇਣ ਲੱਗਾ ਤਾਂ ਨੌਜਵਾਨ ਨੇ ਉਸ ਦੀ ਕਮੀਜ਼ ਦੀ ਉੱਪਰਲੀ ਜੇਬ ਵਿੱਚ ਰੱਖੇ ਕਰੀਬ 10 ਹਜ਼ਾਰ ਰੁਪਏ ਕੱਢ ਲਏ। ਇਸ ਤੋਂ ਬਾਅਦ ਉਹ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੱਲਾਰਾਮ ਨਗਰ ਵੱਲ ਫ਼ਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਜਦੋਂ ਤੱਕ ਉਹ ਕੁਝ ਸਮਝ ਪਾਉਂਦਾ ਅਤੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਉਦੋਂ ਤੱਕ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਉਸ ਨੇ ਦੱਸਿਆ ਕਿ ਉਸ ਨੇ ਬਿਹਾਰ ਵਾਪਸ ਜਾਣਾ ਸੀ ਅਤੇ ਰੇਲਵੇ ਟਿਕਟ ਬੁੱਕ ਕਰਵਾਉਣ ਲਈ ਉਹ ਘਰ ਤੋਂ ਪੈਸੇ ਲੈ ਕੇ ਆਇਆ ਸੀ। ਲੁਟੇਰੇ ਉਸ ਦੀ ਮਿਹਨਤ ਦੀ ਕਮਾਈ ਵੀ ਲੁੱਟ ਕੇ ਲੈ ਗਏ। ਬਾਕਸ --- ਦਿਨ-ਦਿਹਾੜੇ ਲੁੱਟ ਨੇ ਪੁਲਿਸ ਗਸ਼ਤ ’ਤੇ ਚੁੱਕੇ ਸਵਾਲ ਸ਼ਹਿਰ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਦੀ ਗਸ਼ਤ ਅਤੇ ਨਾਕਾਬੰਦੀ ਪ੍ਰਬੰਧ ’ਤੇ ਸਵਾਲ ਉੱਠ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਦੋ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਵਾਪਰਨਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਾ ਹੈ। ਲੋਕਾਂ ਨੇ ਪੁਲਿਸ ਤੋਂ ਇਲਾਕੇ ਵਿੱਚ ਗਸ਼ਤ ਵਧਾਉਣ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।