ਰਿਪੁਦਮਨ ਬਰਾੜ ਨੇ ਹਾਸਲ ਕੀਤਾ ਕਾਂਸੀ ਦਾ ਤਮਗਾ ਅੰਡਰ-19 ਸ਼ਤਰੰਜ ਨੈਸ਼ਨਲ ਚੈਂਪੀਅਨਸ਼ਿਪ ਵਿਚ ਪਹਿਲਾ ਕਾਂਸੀ ਦਾ ਤਗਮਾ ਰਿਪੁਦਮਨ ਬਰਾੜ ਨੇ ਹਾਸਲ ਕੀਤਾ
Publish Date: Fri, 30 Oct 2026 05:54 PM (IST)
Updated Date: Sat, 31 Oct 2026 04:02 AM (IST)
3 ਵਾਰ ਪੰਜਾਬ ਸਟੇਟ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤ ਚੁੱਕੇ ਹਨ ਰਿਪੁਦਮਨ ਮੇਅਰ ਨੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਦਿੱਤੀ ਵਧਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸ਼ਤਰੰਜ ਦੀ ਖੇਡ ਵਿਚ ਆਪਣੀ ਮਿਹਨਤ, ਲਗਨ ਅਤੇ ਪ੍ਰਤਿਭਾ ਦੇ ਦਮ ’ਤੇ ਰਾਸ਼ਟਰੀ ਪੱਧਰ ’ਤੇ ਬਠਿੰਡਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਨੌਜਵਾਨ ਖਿਡਾਰੀ ਰਿਪੁਦਮਨ ਸਿੰਘ ਬਰਾੜ ਨੂੰ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅੰਡਰ-19 ਸ਼ਤਰੰਜ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਲਈ ਪਹਿਲਾ ਕਾਂਸੀ ਦਾ ਤਗਮਾ ਜਿੱਤਣ ਦੀ ਇਤਿਹਾਸਕ ਪ੍ਰਾਪਤੀ ’ਤੇ ਮੇਅਰ ਨੇ ਰਿਪੁਦਮਨ ਸਿੰਘ ਬਰਾੜ ਪੁੱਤਰ ਮਨਪ੍ਰੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਰਿਪੁਦਮਨ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਨਾਲ ਪੂਰੇ ਬਠਿੰਡਾ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਅੰਡਰ-19 ਰਾਸ਼ਟਰੀ ਮੁਕਾਬਲੇ ਵਿੱਚ ਪੰਜਾਬ ਲਈ ਪਹਿਲਾ ਕਾਂਸੀ ਦਾ ਤਗਮਾ ਜਿੱਤਣਾ ਬੇਹੱਦ ਮਾਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸ਼ਤਰੰਜ ਸਿਰਫ਼ ਖੇਡ ਨਹੀਂ, ਸਗੋਂ ਇਕਾਗਰਤਾ, ਸਬਰ, ਰਣਨੀਤੀ ਅਤੇ ਸਹੀ ਸਮੇਂ ’ਤੇ ਸਹੀ ਫ਼ੈਸਲਾ ਲੈਣ ਦੀ ਕਲਾ ਹੈ। ਰਿਪੁਦਮਨ ਦੀ ਸਫਲਤਾ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਬਣੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਅਜਿਹੇ ਹੋਣਹਾਰ ਖਿਡਾਰੀ ਪੰਜਾਬ ਦੀ ਖੇਡ ਪ੍ਰਤਿਭਾ ਦਾ ਸਬੂਤ ਹਨ। ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ਬਰਾੜ ਇਸ ਤੋਂ ਪਹਿਲਾਂ ਤਿੰਨ ਵਾਰ ਪੰਜਾਬ ਸਟੇਟ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤ ਚੁੱਕੇ ਹਨ। ਹੁਣ ਸਕੂਲ ਗੇਮਜ਼ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਨਵੀਂ ਦਿੱਲੀ ਵਿਖੇ ਕਰਵਾਈ ਅੰਡਰ-19 ਰਾਸ਼ਟਰੀ ਸ਼ਤਰੰਜ ਪ੍ਰਤੀਯੋਗਤਾ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਉਨ੍ਹਾਂ ਨੇ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਮੇਅਰ ਨੇ ਰਿਪੁਦਮਨ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਦਾ ਹੌਸਲਾ ਵਧਾਉਣ ਵਿੱਚ ਪਰਿਵਾਰ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਰਿਪੁਦਮਨ ਭਵਿੱਖ ਵਿੱਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਐਡਵੋਕੇਟ ਲਿਤੇਸ਼ ਗਰਗ, ਰਿਪੁਦਮਨ ਦੀ ਮਾਤਾ ਵੀਰਪਾਲ ਕੌਰ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।