ਅੱਡੇ ’ਤੇ ਬੱਸਾਂ ਨਾ ਰੁਕਣ ਕਾਰਨ 3 ਪਿੰਡਾਂ ਦੇ ਲੋਕ ਪਰੇਸ਼ਾਨ ਕਟਾਰ ਸਿੰਘ ਵਾਲਾ ਅੱਡੇ ’ਤੇ ਬੱਸਾਂ ਨਾ ਰੁਕਣ ਕਾਰਨ ਤਿੰਨ ਪਿੰਡਾਂ ਦੇ ਲੋਕ ਪ੍ਰੇਸ਼ਾਨ
Publish Date: Fri, 02 Oct 2026 05:39 PM (IST)
Updated Date: Fri, 02 Oct 2026 05:40 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟ ਫੱਤਾ ਕਟਾਰ ਸਿੰਘ ਵਾਲਾ ਬੱਸ ਅੱਡੇ ’ਤੇ ਬੱਸਾਂ ਦੇ ਨਿਯਮਤ ਤੌਰ ’ਤੇ ਨਾ ਰੁਕਣ ਕਾਰਨ ਗੁਲਾਬਗੜ੍ਹ, ਗਹਿਰੀ ਭਾਗੀ ਅਤੇ ਕਟਾਰ ਸਿੰਘ ਵਾਲਾ ਸਮੇਤ ਤਿੰਨ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਆਵਾਜਾਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਬੱਸਾਂ ਅੱਡੇ ’ਤੇ ਰੁਕਣ ਦੀ ਬਜਾਏ ਲੰਘ ਜਾਂਦੀਆਂ ਹਨ ਅਤੇ ਜੇਕਰ ਕੋਈ ਬੱਸ ਰੁਕਦੀ ਵੀ ਹੈ ਤਾਂ ਅਕਸਰ ਅੱਡੇ ਤੋਂ 20-25 ਮੀਟਰ ਅੱਗੇ ਜਾਂ ਪਿੱਛੇ ਰੋਕੀ ਜਾਂਦੀ ਹੈ। ਇਸ ਕਾਰਨ ਵਿਦਿਆਰਥੀਆਂ, ਮੁਲਾਜ਼ਮਾਂ, ਬਜ਼ੁਰਗਾਂ ਅਤੇ ਹੋਰ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ । ਵਸਨੀਕਾਂ ਨੇ ਦੱਸਿਆ ਕਿ ਉਹ ਸਕੂਲਾਂ, ਕਾਲਜਾਂ, ਦਫ਼ਤਰਾਂ, ਹਸਪਤਾਲਾਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਬੱਸ ਸੇਵਾ ’ਤੇ ਨਿਰਭਰ ਹਨ। ਬੱਸਾਂ ਨਾ ਰੁਕਣ ਕਾਰਨ ਕਈ ਵਾਰ ਉਨ੍ਹਾਂ ਨੂੰ ਨਿੱਜੀ ਵਾਹਨਾਂ ਰਾਹੀਂ ਮਹਿੰਗੇ ਕਿਰਾਏ ’ਤੇ ਸਫ਼ਰ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਅਨੁਸਾਰ ਪਿਛਲੇ ਸਾਲ ਗੁਲਾਬਗੜ੍ਹ ਪੰਚਾਇਤ ਵੱਲੋਂ ਵੀ ਪੀਆਰਟੀਸੀ ਬਠਿੰਡਾ ਦੇ ਡਿਪੂ ਮੈਨੇਜਰ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ ਸੀ, ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ । ਇਸ ਦੌਰਾਨ ਕਟਾਰ ਸਿੰਘ ਵਾਲਾ ਅੱਡੇ ਤੋਂ ਬੱਸਾਂ ਦੇ ਬਿਨਾਂ ਰੁਕੇ ਲੰਘਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਪਿੰਡ ਵਾਸੀਆਂ ਵੱਲੋਂ ‘ਬੱਸ ਰੋਕੋ ਮੁਹਿੰਮ’ ਸਬੰਧੀ ਪੋਸਟਰ ਵੀ ਵਟਸਅੱਪ ਗਰੁੱਪਾਂ ਵਿੱਚ ਸਾਂਝਾ ਕੀਤਾ ਗਿਆ ਹੈ, ਜਿਸ ਰਾਹੀਂ 3 ਅਕਤੂਬਰ ਜਾਂਣੀ ਕਿ ਅੱਜ ਸਵੇਰੇ 8 ਵਜੇ ਕਟਾਰ ਸਿੰਘ ਵਾਲਾ, ਗੁਲਾਬਗੜ੍ਹ ਅਤੇ ਗਹਿਰੀ ਭਾਗੀ ਦੇ ਵਸਨੀਕਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੋਟ ਸ਼ਮੀਰ ਵਿੱਚ ਵੀ ਸਰਕਾਰੀ ਬੱਸਾਂ ਦੇ ਨਿਰਧਾਰਤ ਬੱਸ ਸਟੈਂਡਾਂ ’ਤੇ ਨਾ ਰੁਕਣ ਸਬੰਧੀ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪੀਆਰਟੀਸੀ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਕਟਾਰ ਸਿੰਘ ਵਾਲਾ, ਕੋਟ ਸ਼ਮੀਰ ਸਮੇਤ ਇਲਾਕੇ ਦੇ ਸਾਰੇ ਨਿਰਧਾਰਤ ਅੱਡਿਆਂ ’ਤੇ ਬੱਸਾਂ ਦਾ ਠਹਿਰਾਅ ਯਕੀਨੀ ਬਣਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।