ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪੁਲ ਢਾਹੁਣ ਖ਼ਿਲਾਫ਼ ਪੂਹਲੀ ਵਾਸੀਆਂ ਦਾ ਧਰਨਾ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪੁਲ ਢਾਹੁਣ ਖ਼ਿਲਾਫ਼ ਪੂਹਲੀ ਵਾਸੀਆਂ ਦਾ ਧਰਨਾ
Publish Date: Fri, 23 Oct 2026 07:47 PM (IST)
Updated Date: Sat, 24 Oct 2026 04:01 AM (IST)
ਪੁਲ ਦੀ ਉਸਾਰੀ ਦਾ ਕੰਮ ਝੋਨੇ ਦੀ ਕਟਾਈ ਤੋਂ ਬਾਅਦ ਸ਼ੁਰੂ ਕਰਨ ਦੀ ਮੰਗ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਹਰਪ੍ਰੀਤ ਮਦੇਸਾ, ਪੰਜਾਬੀ ਜਾਗਰਣ ਨਥਾਣਾ : ਨੇੜਲੇ ਪਿੰਡ ਪੂਹਲੀ ਵਿਖੇ ਨਹਿਰ ਦੇ ਪੁਰਾਣੇ ਪੁਲ ਨੂੰ ਢਾਹ ਕੇ ਨਵੇਂ ਸਿਰੇ ਤੋਂ ਬਣਾਉਣ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਧਰਨਾ ਲਾ ਕੇ ਵਿਰੋਧ ਪ੍ਰਗਟਾਇਆ ਗਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਪੁਲ ਢਾਹੁਣ ਦਾ ਕੰਮ ਨਾ ਕੀਤਾ ਜਾਵੇ ਅਤੇ ਇਸ ਦੀ ਉਸਾਰੀ ਝੋਨੇ ਦੀ ਕਟਾਈ ਤੋਂ ਬਾਅਦ ਸ਼ੁਰੂ ਕੀਤੀ ਜਾਵੇ। ਇਸ ਮੌਕੇ ਪਿੰਡ ਦੇ ਸਰਪੰਚ ਹਰਮਨਦੀਪ ਸਿੰਘ ਮੋਹਣਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣੀ ਸੜਕ ਪਿੰਡ ਪੂਹਲੀ ਵਿੱਚੋਂ ਲੰਘਦਿਆਂ ਨਥਾਣਾ ਵੱਲ ਜਾਂਦੀ ਹੈ। ਇਸ ਸੜਕ ’ਤੇ ਬਣੇ ਸਦੀਆਂ ਪੁਰਾਣੇ ਨਹਿਰੀ ਪੁਲ ਨੂੰ ਢਾਹ ਕੇ ਨਵੇਂ ਸਿਰੇ ਤੋਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸਾਂਭ-ਸੰਭਾਲ, ਕਟਾਈ ਅਤੇ ਢੋਆ-ਢੁਆਈ ਲਈ ਆਵਾਜਾਈ ਦੀ ਬੇਹੱਦ ਲੋੜ ਹੈ। ਜੇਕਰ ਇਸ ਸਮੇਂ ਪੁਲ ਨੂੰ ਢਾਹ ਦਿੱਤਾ ਜਾਂਦਾ ਹੈ ਤਾਂ ਪਿੰਡ ਪੂਹਲੀ ਸਮੇਤ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਪੁਲ ਦੀ ਉਸਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਵਿੱਚ ਦਿੱਕਤ ਆਵੇਗੀ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਕਿਸਾਨਾਂ ’ਤੇ ਪੈ ਸਕਦਾ ਹੈ, ਜਿਨ੍ਹਾਂ ਲਈ ਖੇਤੀਬਾੜੀ ਨਾਲ ਸਬੰਧਤ ਕੰਮ ਸਮੇਂ ਸਿਰ ਕਰਨਾ ਬਹੁਤ ਜ਼ਰੂਰੀ ਹੈ। ਪਿੰਡ ਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲ ਦੀ ਉਸਾਰੀ ਦਾ ਕੰਮ ਢੁੱਕਵੇਂ ਸਮੇਂ ’ਤੇ ਸ਼ੁਰੂ ਕੀਤਾ ਜਾਵੇ। ਖ਼ਬਰ ਲਿਖੇ ਜਾਣ ਤੱਕ ਪਿੰਡ ਵਾਸੀਆਂ ਦਾ ਧਰਨਾ ਜਾਰੀ ਸੀ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲ ਢਾਹੁਣ ਸਬੰਧੀ ਕੋਈ ਵੀ ਕੰਮ ਸ਼ੁਰੂ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।