7 ਸਾਲ ਬਾਅਦ ਸੁਰਖਪੀਰ ਰੋਡ ਦੀਆਂ ਸੱਤ ਲਿੰਕ ਸੜਕਾਂ ਦਾ ਨਵੀਨੀਕਰਨ ਸ਼ੁਰੂ 7 ਸਾਲ ਬਾਅਦ ਸੁਰਖਪੀਰ ਰੋਡ ਦੀਆਂ ਸੱਤ ਲਿੰਕ ਸੜਕਾਂ ਦਾ ਨਵੀਨੀਕਰਨ ਸ਼ੁਰੂ
Publish Date: Tue, 22 Sep 2026 04:19 PM (IST)
Updated Date: Tue, 22 Sep 2026 04:21 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਸ਼ਹਿਰ ਨੂੰ ਆਧੁਨਿਕ ਅਤੇ ਸਹੂਲਤਾਂ ਨਾਲ ਲੈਸ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੜਕਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਕੌਂਸਲਰ ਪੁਸ਼ਪਾ ਰਾਣੀ ਦੇ ਵਾਰਡ ਨੰਬਰ 33 ਦੀ ਸੁਰਖਪੀਰ ਰੋਡ ਖੇਤਰ ਵਿੱਚ ਕਰੀਬ 7-8 ਸਾਲਾਂ ਤੋਂ ਨਵੀਨੀਕਰਨ ਦੀ ਉਡੀਕ ਕਰ ਰਹੀਆਂ ਸੱਤ ਲਿੰਕ ਸੜਕਾਂ ਦੇ ਪ੍ਰੀਮਿਕਸ ਕੰਮ ਦਾ ਸ਼ੁਭ ਆਰੰਭ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਕਰਵਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਜੇਈ ਪਵਨ ਕੁਮਾਰ, ਵਿਪਿਨ ਮਿੱਤੂ, ਸੁਰਜੀਤ ਸਿੰਘ ਨਾਗੀ, ਗੁਰਵਿੰਦਰ ਸਿੰਘ ਗੁਰੀ, ਵਿਕਾਸ ਕੌਸ਼ਲ, ਗੁਰਸੇਵਕ ਸਿੰਘ, ਸੁਭਾਸ਼ ਚੰਦਰ, ਆਸ਼ੂ, ਤਰਸੇਮ ਸਮੇਤ ਇਲਾਕੇ ਦੇ ਪਤਵੰਤੇ ਵਿਅਕਤੀ ਮੌਜੂਦ ਸਨ। ਕੰਮ ਦਾ ਸ਼ੁਭ ਆਰੰਭ ਕਰਦਿਆਂ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਵਾਰਡ ਨੰਬਰ 33 ਦੇ ਸੁਰਖਪੀਰ ਰੋਡ ਖੇਤਰ ਦੀਆਂ ਸੱਤ ਲਿੰਕ ਸੜਕਾਂ ਦਾ ਕਰੀਬ 7-8 ਸਾਲਾਂ ਬਾਅਦ ਨਵੀਨੀਕਰਨ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ’ਤੇ ਕਰੀਬ 23 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਨੂੰ ਆਵਾਜਾਈ ਵਿੱਚ ਕਾਫ਼ੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸੜਕਾਂ ਕਿਸੇ ਵੀ ਸ਼ਹਿਰ ਦੇ ਵਿਕਾਸ ਦੀ ਬੁਨਿਆਦੀ ਲੋੜ ਹੁੰਦੀਆਂ ਹਨ। ਇਸ ਲਈ ਨਗਰ ਨਿਗਮ ਵੱਲੋਂ ਸਿਰਫ਼ ਮੁੱਖ ਸੜਕਾਂ ਹੀ ਨਹੀਂ, ਸਗੋਂ ਵਾਰਡਾਂ ਦੀਆਂ ਅੰਦਰੂਨੀ ਅਤੇ ਲਿੰਕ ਸੜਕਾਂ ਨੂੰ ਵੀ ਬਿਹਤਰ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮਹਿਤਾ ਨੇ ਕਿਹਾ ਕਿ ਬਠਿੰਡਾ ਨੂੰ ਆਧੁਨਿਕ ਸ਼ਹਿਰ ਬਣਾਉਣ ਲਈ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ। ਸ਼ਹਿਰ ਵਿੱਚ ਜਿੱਥੇ ਲੋੜ ਅਨੁਸਾਰ ਪ੍ਰੀਮਿਕਸ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉੱਥੇ ਕਈ ਥਾਵਾਂ ’ਤੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਗਲੀਆਂ ਅਤੇ ਸੜਕਾਂ ਦਾ ਸੁੰਦਰੀਕਰਨ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਯਤਨ ਹੈ ਕਿ ਸ਼ਹਿਰ ਦੇ ਹਰੇਕ ਵਾਰਡ ਵਿੱਚ ਲੋਕਾਂ ਨੂੰ ਬਿਹਤਰ ਸੜਕਾਂ, ਸਾਫ਼-ਸੁਥਰਾ ਵਾਤਾਵਰਣ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਹੀ ਨਗਰ ਨਿਗਮ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਇਸੇ ਦਿਸ਼ਾ ਵਿੱਚ ਬਠਿੰਡਾ ਸ਼ਹਿਰ ਵਿੱਚ ਵੀ ਵਿਕਾਸ ਕਾਰਜਾਂ ਨੂੰ ਗਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਬਠਿੰਡਾ ਨੂੰ ਆਧੁਨਿਕ, ਸੁੰਦਰ ਅਤੇ ਸਹੂਲਤਾਂ ਨਾਲ ਲੈਸ ਸ਼ਹਿਰ ਬਣਾਉਣਾ ਉਨ੍ਹਾਂ ਦਾ ਟੀਚਾ ਹੈ। ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਸੜਕ, ਸੀਵਰੇਜ, ਪਾਣੀ ਜਾਂ ਹੋਰ ਬੁਨਿਆਦੀ ਸਹੂਲਤ ਨਾਲ ਸਬੰਧਤ ਸਮੱਸਿਆ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।”