ਬਰਨਾਲਾ ’ਚ ਤਰਕਸ਼ੀਲ ਪੁਸਤਕ ਮੇਲਾ ਅੱਜ ਤੋਂ ਬਰਨਾਲਾ ’ਚ 21 ਤੋਂ 23 ਅਗਸਤ ਤੱਕ ਲੱਗੇਗਾ ਤਰਕਸ਼ੀਲ ਪੁਸਤਕ ਮੇਲਾ
Publish Date: Thu, 20 Aug 2026 05:35 PM (IST)
Updated Date: Fri, 21 Aug 2026 04:03 AM (IST)
* ਉਸਾਰੂ ਸਾਹਿਤ, ਵਿਗਿਆਨਕ ਸੋਚ ਤੇ ਸਿਹਤ ਸਬੰਧੀ ਹੋਣਗੇ ਵਿਸ਼ੇਸ਼ ਸੈਮੀਨਾਰ ਫੋਟੋ : 25 ਕੈਪਸ਼ਨ: ਭੁੱਚੋ ਮੰਡੀ ਵਿਖੇ ਤਰਕਸ਼ੀਲ ਸੋਸਾਇਟੀ ਦੀ ਮੀਟਿੰਗ ਦੌਰਾਨ ਪੁਸਤਕ ਮੇਲੇ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦੇ ਹੋਏ ਆਗੂ ਤੇ ਮੈਂਬਰ। ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਭੁੱਚੋ ਮੰਡੀ ਇਕਾਈ ਦੀ ਮੀਟਿੰਗ ਹੋਈ, ਜਿਸ ’ਚ ਆਗੂਆਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਡਾ. ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਤੱਕ ਤਰਕਸ਼ੀਲ ਭਵਨ, ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਮੇਲੇ ਦਾ ਮੁੱਖ ਉਦੇਸ਼ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਪ੍ਰਫੁੱਲਤ ਕਰਨਾ ਹੈ। ਮੇਲੇ ’ਚ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਤਰਕਸ਼ੀਲ, ਮਾਨਵਵਾਦੀ, ਇਨਕਲਾਬੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। 21 ਅਗਸਤ ਨੂੰ ਡਾ. ਨਰਿੰਦਰ ਦਾਭੋਲਕਰ ਦੀ ਧੀ ਡਾ. ਮੁਕਤਾ ਦਾ ਭੋਲਕਰ ਮੇਲੇ ਦਾ ਉਦਘਾਟਨ ਕਰਨਗੇ। ਇਸ ਦੌਰਾਨ ਮਹਾਰਾਸ਼ਟਰ ਦੀ ਅੰਧਸ਼ਰਧਾ ਨਿਰਮੂਲਨ ਸਮਿਤੀ ਦੇ ਕਾਰਜਾਂ ਅਤੇ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ। 22 ਅਗਸਤ ਨੂੰ ‘ਪੰਜਾਬੀ ਸਾਹਿਤ ਅਤੇ ਵਿਗਿਆਨਕ ਚੇਤਨਾ’ ਅਤੇ ‘ਮੀਡੀਆ ਤੇ ਫਿਰਕਾਪ੍ਰਸਤੀ’ ਵਿਸ਼ਿਆਂ ’ਤੇ ਵਿਚਾਰ-ਚਰਚਾ ਹੋਵੇਗੀ। 23 ਅਗਸਤ ਨੂੰ ਪ੍ਰੋ. ਗੌਹਰ ਰਜ਼ਾ ਵਿਗਿਆਨਕ ਸੋਚ ਨੂੰ ਦਰਪੇਸ਼ ਚੁਣੌਤੀਆਂ ਬਾਰੇ ਸੰਬੋਧਨ ਕਰਨਗੇ। ਮੇਲੇ ਦੌਰਾਨ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਅਤੇ ਪੋਸਟਰ ਮੁਕਾਬਲੇ, ਗਾਇਕੀ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਆਗੂਆਂ ਨੇ ਵਿਦਿਆਰਥੀਆਂ, ਅਧਿਆਪਕਾਂ, ਲੇਖਕਾਂ, ਪਾਠਕਾਂ, ਨੌਜਵਾਨਾਂ ਅਤੇ ਸਮਾਜ ਦੇ ਸਮੂਹ ਵਰਗਾਂ ਨੂੰ ਪਰਿਵਾਰਾਂ ਸਮੇਤ ਪੁਸਤਕ ਮੇਲੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।