ਪਰਮਿੰਦਰ ਝੋਟਾ ਦੀ ਹੱਤਿਆ ਦੇ ਵਿਰੋਧ ’ਚ ਰਾਮਪੁਰਾ ਫੂਲ ਮੁਕੰਮਲ ਬੰਦ ਪਰਮਿੰਦਰ ਝੋਟਾ ਦੀ ਹੱਤਿਆ ਦੇ ਵਿਰੋਧ ’ਚ ਰਾਮਪੁਰਾ ਫੂਲ ਮੁਕੰਮਲ ਬੰਦ
Publish Date: Thu, 15 Oct 2026 04:13 PM (IST)
Updated Date: Thu, 15 Oct 2026 04:15 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਵੀਰਵਾਰ ਨੂੰ ਰਾਮਪੁਰਾ ਫੂਲ, ਮਹਿਰਾਜ, ਫੂਲ ਟਾਊਨ ਸਮੇਤ ਆਸ-ਪਾਸ ਦੇ ਕਸਬਿਆਂ ਅਤੇ ਪਿੰਡਾਂ ਦੇ ਬਾਜ਼ਾਰ ਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਬੰਦ ਦੇ ਸੱਦੇ ਕਾਰਨ ਪੇਂਡੂ ਬੱਸ ਸੇਵਾ ਅਤੇ ਇਲਾਕੇ ਦੇ ਜ਼ਿਆਦਾਤਰ ਨਿੱਜੀ ਸਕੂਲ ਵੀ ਬੰਦ ਰਹੇ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਬਠਿੰਡਾ- ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਸਥਾਨਕ ਸ਼ਹਿਰ ਦੇ ਮੌੜ ਚੌਕ ਵਿਖੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਸਵੇਰੇ ਛੇ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਚੱਲੇ ਇਸ ਰੋਸ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਵੇਰੇ ਕਰੀਬ ਅੱਠ ਵਜੇ ਧਰਨੇ ਦੀ ਤਿਆਰੀ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੈਂਬਰਾਂ ਨੂੰ ਕੌਮੀ ਮਾਰਗ ਤੋਂ ਹਟਾਉਣ ਦੀ ਕੋਸ਼ਿਸ਼ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਲਕੀ ਝੜਪ ਹੋ ਗਈ। ਇਸ ਦੌਰਾਨ ਪੁਲਿਸ ਨੇ ਕਿਸਾਨ ਆਗੂ ਬਲਰਾਜ ਸਿੰਘ ਮੰਡੀਕਲਾਂ ਅਤੇ ਦੀਪੂ ਮੰਡੀਕਲਾਂ ਸਮੇਤ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਬੱਸ ਵਿਚ ਬਿਠਾ ਲਿਆ। ਹਾਲਾਂਕਿ, ਦੀਪੂ ਮੰਡੀਕਲਾਂ ਸਮੇਤ ਕਰੀਬ ਅੱਧੀ ਦਰਜਨ ਪ੍ਰਦਰਸ਼ਨਕਾਰੀ ਪੁਲਿਸ ਦੀ ਹਿਰਾਸਤ ਵਿਚੋਂ ਨਿਕਲ ਕੇ ਮੰਡੀਕਲਾਂ ਪਹੁੰਚ ਗਏ। ਮੰਡੀਕਲਾਂ ਵਿਖੇ ਮੀਟਿੰਗ ਕਰਨ ਤੋਂ ਬਾਅਦ ਇਹ ਪ੍ਰਦਰਸ਼ਨਕਾਰੀ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਦੇ ਅਸਤੀਫ਼ਿਆਂ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਥਾਨਕ ਮੌੜ ਚੌਕ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਲੱਗੇ ਸੱਤਾਧਾਰੀ ਧਿਰ ਦੇ ਫਲੈਕਸ ਬੋਰਡ ਵੀ ਪਾੜ ਦਿੱਤੇ ਗਏ। ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ, ਵਾਰਿਸ ਪੰਜਾਬ ਦੇ ਦੇ ਲੱਖਾ ਸਿਧਾਣਾ, ਵਾਰਿਸ ਪੰਜਾਬ ਜਥੇਬੰਦੀ ਦੇ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਗੁਰਵਿੰਦਰ ਸਿੰਘ ਗਿੱਲ ਰੌਂਤਾ, ਬਲਰਾਜ ਸਿੰਘ ਮੰਡੀਕਲਾਂ ਅਤੇ ਦੀਪੂ ਮੰਡੀਕਲਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ।