- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਰਾਮਪੁਰਾ ਮੰਡੀ ਸਕੂਲ ਦੀ ਝੰਡੀ

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਜ਼ਿਲ੍ਹਾ ਪੱਧਰੀ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਮੰਡੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਬਲਾਕ ਰਾਮਪੁਰਾ ਦਾ ਨਾਮ ਰੌਸ਼ਨ ਕੀਤਾ। ਬਠਿੰਡਾ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਮੰਡੀ ਦੇ ਵਿਦਿਆਰਥੀਆਂ ਨੇ ਅੱਠ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਦਿਆਰਥੀ ਅਦਿਤਿਆ ਨੇ ਚਿੱਤਰਕਲਾ, ਖੁਸ਼ਪ੍ਰੀਤ ਕੌਰ ਨੇ ਭਾਸ਼ਣ, ਗੁਰਨੂਰ ਕੌਰ ਨੇ ਬਾਲ ਗੀਤ ਅਤੇ ਪ੍ਰਭਜੋਤ ਕੌਰ ਨੇ ਲੋਕ ਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅਵਨੀਤ ਕੌਰ ਨੇ ਕਹਾਣੀ ਸੁਣਾਉਣ, ਅਰਮਾਨ ਸਿੰਘ ਨੇ ਚਿੱਤਰਕਲਾ, ਨਿਹਾਰਿਕਾ ਨੇ ਕਵਿਤਾ ਅਤੇ ਦ੍ਰਿਸ਼ਟੀ ਨੇ ਪਹਾੜੇ ਸੁਣਾਉਣ ਦੇ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰ ’ਤੇ ਕੁੱਲ 16 ਤਰ੍ਹਾਂ ਦੇ ਸਹਿ-ਵਿਦਿਅਕ ਮੁਕਾਬਲੇ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ ਇਕੱਲੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਮੰਡੀ ਦੇ ਵਿਦਿਆਰਥੀਆਂ ਨੇ ਅੱਠ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਕੇ ਸਕੂਲ ਦੀ ਸ਼ਾਨ ਵਧਾਈ। ਇਸ ਮੌਕੇ ਸਕੂਲ ਮੁਖੀ ਅੰਗਰੇਜ਼ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਨੋਡਲ ਇੰਚਾਰਜ ਪ੍ਰਵੀਨ ਸ਼ਰਮਾ ਤੋਂ ਇਲਾਵਾ ਗਗਨਦੀਪ ਕੌਰ, ਮਨਜੀਤ ਕੌਰ, ਹਰਵਿੰਦਰ ਸਿੰਘ, ਖੁਸ਼ਬੂ, ਮਨਵੀਰ ਕੌਰ, ਰਮਨਦੀਪ ਕੌਰ, ਪਰਦੀਪ ਕੌਰ ਅਤੇ ਸਮੇਤ ਸਮੂਹ ਸਟਾਫ਼ ਤੇ ਸਹਿਯੋਗੀ ਮੈਂਬਰਾਂ ਨੇ ਵੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।