ਰਾਜਪਾਲ ਕੌਰ ਰੋਮਾਣਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਿਯੁਕਤ ਰਾਜਪਾਲ ਕੌਰ ਰੋਮਾਣਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਿਯੁਕਤ
Publish Date: Sun, 01 Nov 2026 05:01 PM (IST)
Updated Date: Sun, 01 Nov 2026 05:02 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਨੂੰ ਜ਼ਿਲ੍ਹਾ ਪੱਧਰ ’ਤੇ ਹੋਰ ਮਜ਼ਬੂਤੀ ਦੇਣ ਦੇ ਮਕਸਦ ਨਾਲ ਹਿਊਮਨ ਰਾਈਟਸ ਐਂਡ ਸੋਸ਼ਲ ਇੰਪਾਵਰਮੈਂਟ ਏਜਿਸ ਫਾਊਂਡੇਸ਼ਨ ਵੱਲੋਂ ਸ੍ਰੀਮਤੀ ਰਾਜਪਾਲ ਕੌਰ ਰੋਮਾਣਾ ਨੂੰ ਜਿਲ੍ਹਾਂ ਬਠਿੰਡਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸ੍ਰੀਮਤੀ ਰਾਜਪਾਲ ਕੌਰ ਰੋਮਾਣਾ ਨੇ ਸੰਸਥਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ੍ਰੀ ਰਾਮਿੰਦਰ ਸਿੰਘ ਅਤੇ ਨੈਸ਼ਨਲ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਦਾ ਉਨ੍ਹਾਂ ਨੂੰ ਇਹ ਮਾਣਮੱਤੀ ਜ਼ਿੰਮੇਵਾਰੀ ਦੇਣ ਤੇ ਉਨ੍ਹਾਂ ਦੀ ਯੋਗਤਾ ’ਤੇ ਭਰੋਸਾ ਪ੍ਰਗਟਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਭਰੋਸੇ ਨੂੰ ਕਾਇਮ ਰੱਖਦਿਆਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ, ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਸੰਸਥਾ ਦੇ ਸਮਾਜਿਕ ਕਾਰਜਾਂ ਦਾ ਘੇਰਾ ਵਧਾਉਣਾ, ਔਰਤਾਂ ਅਤੇ ਲੋੜਵੰਦ ਵਰਗਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਪੀੜਤ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦੇਣਾ ਅਤੇ ਸਮਾਜ ਭਲਾਈ ਦੀਆਂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ। ਸੰਸਥਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ, ਸਮਾਜਿਕ ਨਿਆਂ, ਸਮਾਨਤਾ ਅਤੇ ਲੋਕਾਂ ਦੇ ਸਸ਼ਕਤੀਕਰਨ ਲਈ ਦੇਸ਼ ਭਰ ਵਿਚ ਇਕ ਮਜ਼ਬੂਤ ਸਮਾਜਿਕ ਨੈੱਟਵਰਕ ਤਿਆਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮਕਸਦ ਦੀ ਪੂਰਤੀ ਲਈ ਜ਼ਿਲ੍ਹਾ ਅਤੇ ਸਥਾਨਕ ਪੱਧਰ ’ਤੇ ਨਵੇਂ ਅਹੁਦੇਦਾਰਾਂ ਅਤੇ ਸਮਾਜ ਸੇਵੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੰਸਥਾ ਵੱਲੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਵਾਲੀਆਂ ਮਹਿਲਾਵਾਂ, ਨੌਜਵਾਨਾਂ ਅਤੇ ਸਮਾਜ ਸੇਵਾ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਮੈਂਬਰਸ਼ਿਪ, ਵਲੰਟੀਅਰਸ਼ਿਪ ਅਤੇ ਵੱਖ-ਵੱਖ ਲੀਡਰਸ਼ਿਪ ਅਹੁਦਿਆਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਹੈ।