ਮੀਂਹ ਦੇ ਪਾਣੀ ਦੀ ਨਹੀਂ ਹੋਈ ਨਿਕਾਸੀ, ਹੁਣ ਖੜ੍ਹੇ ਪਾਣੀ ’ਚੋਂ ਉੱਠਣ ਲੱਗੀ ਸੜਾਂਦ ਮੀਂਹ ਦੇ ਪਾਣੀ ਦੀ ਨਹੀਂ ਹੋਈ ਨਿਕਾਸੀ, ਹੁਣ ਖੜ੍ਹੇ ਪਾਣੀ ’ਚੋਂ ਉੱਠਣ ਲੱਗੀ ਸੜਾਂਦ
Publish Date: Mon, 14 Sep 2026 04:11 PM (IST)
Updated Date: Mon, 14 Sep 2026 04:14 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਐਤਵਾਰ ਨੂੰ ਸ਼ਹਿਰ ਵਿਚ ਪਏ ਮੀਂਹ ਤੋਂ ਬਾਅਦ ਕਈ ਥਾਵਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੁਣ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਣ ਲੱਗੀਆਂ ਹਨ। ਨੀਵੀਆਂ ਥਾਵਾਂ ’ਤੇ ਅਜੇ ਵੀ ਮੀਂਹ ਦਾ ਪਾਣੀ ਖੜ੍ਹਾ ਹੈ ਅਤੇ ਕਈ ਥਾਵਾਂ ’ਤੇ ਇਸ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਸਭ ਤੋਂ ਮਾੜੇ ਹਾਲਾਤ ਮਿੰਨੀ ਸਕੱਤਰੇਤ ਦੇ ਸਾਹਮਣੇ ਨਜ਼ਰ ਆ ਰਹੇ ਹਨ, ਜਿੱਥੇ ਸੜਕ ਦੇ ਇਕ ਪਾਸੇ ਕਈ ਸਮੇਂ ਤੋਂ ਮੀਂਹ ਦਾ ਪਾਣੀ ਜਮਾਂ ਹੋਇਆ ਹੈ। ਖੜ੍ਹੇ ਪਾਣੀ ਵਿੱਚੋਂ ਉੱਠ ਰਹੀ ਸੜਾਂਦ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿੰਨੀ ਸਕੱਤਰੇਤ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਆਪਣੇ ਸਰਕਾਰੀ ਕੰਮਾਂ ਲਈ ਪਹੁੰਚਦੇ ਹਨ। ਇਸ ਦੇ ਬਾਵਜੂਦ ਦਫ਼ਤਰਾਂ ਦੇ ਬਾਹਰ ਸੜਕ ਕਿਨਾਰੇ ਖੜ੍ਹਾ ਮੀਂਹ ਦਾ ਪਾਣੀ ਪ੍ਰਸ਼ਾਸਨਿਕ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਸੜਕ ਕਿਨਾਰੇ ਚਿੱਕੜ ਹੀ ਚਿੱਕੜ ਹੋ ਗਿਆ ਹੈ, ਉੱਥੇ ਹੀ ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਵੀ ਦਿਖਾਈ ਦੇ ਰਹੀ ਹੈ। ਡੀਐੱਸਪੀ ਦਫ਼ਤਰ ਤੇ ਮਹਿਲਾ ਥਾਣੇ ਦੇ ਆਸ-ਪਾਸ ਵੀ ਜਮ੍ਹਾਂ ਪਾਣੀ ਮਿੰਨੀ ਸਕੱਤਰੇਤ ਦੇ ਸਾਹਮਣੇ ਤੋਂ ਇਲਾਵਾ ਡੀਐਸਪੀ ਦਫ਼ਤਰ ਅਤੇ ਮਹਿਲਾ ਥਾਣੇ ਦੇ ਅੱਗੇ ਤੇ ਆਸ-ਪਾਸ ਵੀ ਮੀਂਹ ਦਾ ਪਾਣੀ ਜਮਾਂ ਹੋਇਆ ਹੈ। ਇਨ੍ਹਾਂ ਥਾਵਾਂ ’ਤੇ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਦੀ ਆਵਾਜਾਈ ਲਗਾਤਾਰ ਰਹਿੰਦੀ ਹੈ। ਪਾਣੀ ਖੜ੍ਹਾ ਰਹਿਣ ਕਾਰਨ ਚਿੱਕੜ ਅਤੇ ਗੰਦਗੀ ਫੈਲਣ ਦੇ ਨਾਲ-ਨਾਲ ਬਦਬੂ ਦੀ ਸਮੱਸਿਆ ਵੀ ਵਧ ਰਹੀ ਹੈ। ਖੜ੍ਹੇ ਪਾਣੀ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਮੱਛਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਵੀ ਬਣ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦੀ ਨਿਕਾਸੀ ਜਲਦੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਬਦਬੂ ਅਤੇ ਮੱਛਰਾਂ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਪੁਰਾਣੀ ਤਹਿਸੀਲ ਦੇ ਸਾਹਮਣੇ ਵੀ ਬਣੇ ਮਾੜੇ ਹਾਲਾਤ ਪੁਰਾਣੀ ਤਹਿਸੀਲ ਦੇ ਸਾਹਮਣੇ ਵੀ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਹਿਸੀਲ ਵਿੱਚ ਰੋਜ਼ਾਨਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਤੋਂ ਇਲਾਵਾ ਇੱਥੇ ਕੰਮ ਕਰਨ ਵਾਲੇ ਵਕੀਲਾਂ ਅਤੇ ਨਵੀਸਾਂ ਨੂੰ ਵੀ ਪਾਣੀ ਅਤੇ ਚਿੱਕੜ ਵਿੱਚੋਂ ਲੰਘਣਾ ਪੈ ਰਿਹਾ ਹੈ। ਪਾਣੀ ਲੰਬੇ ਸਮੇਂ ਤਕ ਖੜ੍ਹਾ ਰਹਿਣ ਕਾਰਨ ਇਸ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਤੋਂ ਬਾਅਦ ਪਾਣੀ ਦੀ ਨਿਕਾਸੀ ਲਈ ਤੁਰੰਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਸੜਕਾਂ ’ਤੇ ਪਾਣੀ ਖੜ੍ਹਾ ਨਾ ਰਹੇ ਅਤੇ ਆਮ ਲੋਕਾਂ ਨੂੰ ਮੁਸ਼ਕਿਲ ਨਾ ਹੋਵੇ। ਐੱਸਐੱਸਪੀ ਕੋਠੀ ਤੋਂ ਡਾਕਘਰ ਤਕ ਵੀ ਪਾਣੀ ਦੀ ਮਾਰ ਸ਼ਹਿਰ ਦੇ ਇਕ ਹੋਰ ਅਹਿਮ ਹਿੱਸੇ ਵਿੱਚ ਵੀ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਐਸਐਸਪੀ ਬਠਿੰਡਾ ਦੀ ਕੋਠੀ ਨੇੜਲੇ ਚੌਂਕ ਤੋਂ ਲੈ ਕੇ ਡਾਕਘਰ ਤਕ ਸੜਕ ਦੇ ਇੱਕ ਪਾਸੇ ਮੀਂਹ ਦਾ ਪਾਣੀ ਜਮਾਂ ਹੋਇਆ ਹੈ। ਇਸ ਰਸਤੇ ’ਤੇ ਆਵਾਜਾਈ ਵੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਪਾਣੀ ਖੜ੍ਹਾ ਹੋਣ ਕਾਰਨ ਸੜਕ ਦੇ ਕਿਨਾਰਿਆਂ ’ਤੇ ਗੰਦਗੀ ਅਤੇ ਚਿੱਕੜ ਦੀ ਸਥਿਤੀ ਬਣੀ ਹੋਈ ਹੈ। ਜੇਕਰ ਇਸ ਪਾਣੀ ਦੀ ਜਲਦ ਨਿਕਾਸੀ ਨਾ ਕੀਤੀ ਗਈ ਤਾਂ ਬਦਬੂ ਦੇ ਨਾਲ ਮੱਛਰਾਂ ਦੀ ਸਮੱਸਿਆ ਵੀ ਵਧ ਸਕਦੀ ਹੈ। ਲੰਬੇ ਸਮੇਂ ਤੋਂ ਨਹੀਂ ਹੱਲ ਹੋਇਆ ਨਿਕਾਸੀ ਦਾ ਮਸਲਾ ਬਠਿੰਡਾ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਮਸਲਾ ਕੋਈ ਨਵਾਂ ਨਹੀਂ ਹੈ। ਹਰ ਵਾਰ ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ। ਮੀਂਹ ਰੁਕਣ ਤੋਂ ਬਾਅਦ ਵੀ ਕਈ ਥਾਵਾਂ ’ਤੇ ਪਾਣੀ ਦੀ ਨਿਕਾਸੀ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਇਸ ਕਾਰਨ ਲੋਕਾਂ ਨੂੰ ਆਵਾਜਾਈ, ਬਦਬੂ, ਚਿੱਕੜ ਅਤੇ ਮੱਛਰਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਐਤਵਾਰ ਨੂੰ ਪਏ ਮੀਂਹ ਤੋਂ ਬਾਅਦ ਵੀ ਕਈ ਅਹਿਮ ਥਾਵਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ। ਲੋਕਾਂ ਦੀ ਮੰਗ ਹੈ ਕਿ ਨੀਵੀਆਂ ਥਾਵਾਂ ਦੀ ਪਛਾਣ ਕਰਕੇ ਉੱਥੇ ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਮੌਜੂਦਾ ਸਮੇਂ ਖੜ੍ਹੇ ਪਾਣੀ ਨੂੰ ਤੁਰੰਤ ਕੱਢਿਆ ਜਾਵੇ, ਤਾਂ ਜੋ ਬਦਬੂ ਅਤੇ ਮੱਛਰਾਂ ਦੀ ਸਮੱਸਿਆ ਨੂੰ ਵਧਣ ਤੋਂ ਰੋਕਿਆ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਆਉਣਾ ਕੁਦਰਤੀ ਵਰਤਾਰਾ ਹੈ, ਪਰ ਮੀਂਹ ਤੋਂ ਬਾਅਦ ਕਈ ਦਿਨਾਂ ਤਕ ਪਾਣੀ ਦਾ ਸੜਕਾਂ ’ਤੇ ਖੜ੍ਹਾ ਰਹਿਣਾ ਨਿਕਾਸੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਾ ਹੈ।