ਭੁੱਚੋ ਮੰਡੀ ’ਚ ਖਾਦ ਦੇ ਗੋਦਾਮ ’ਤੇ ਛਾਪਾ, ਸ਼ੱਕੀ ਸਟਾਕ ਮਿਲਣ ’ਤੇ ਮਾਮਲਾ ਦਰਜ ਭੁੱਚੋ ਮੰਡੀ ਵਿਚ ਖਾਦ ਦੇ ਗੋਦਾਮ ’ਤੇ ਛਾਪਾ, ਸ਼ੱਕੀ ਸਟਾਕ ਮਿਲਣ ’ਤੇ ਮਾਮਲਾ ਦਰਜ
Publish Date: Thu, 29 Oct 2026 05:10 PM (IST)
Updated Date: Thu, 29 Oct 2026 05:13 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਦੀ ਭੁੱਚੋ ਮੰਡੀ ’ਚ ਖਾਦ ਤੇ ਕੀਟਨਾਸ਼ਕਾਂ ਦੇ ਸ਼ੱਕੀ ਸਟਾਕ ਦੀ ਸੂਚਨਾ ਮਿਲਣ ’ਤੇ ਖਾਦ ਇਨਫੋਰਸਮੈਂਟ ਟੀਮ ਨੇ ਇਕ ਗੋਦਾਮ ’ਤੇ ਛਾਪਾ ਮਾਰਿਆ। ਜਾਂਚ ਦੌਰਾਨ ਗੋਦਾਮ ਵਿਚੋਂ ਡੀਏਪੀ, ਟੀਐੱਸਪੀ, ਐੱਨਪੀਕੇ, ਪੋਟਾਸ਼ ਤੇ ਕੀਟਨਾਸ਼ਕ ਦਵਾਈਆਂ ਮਿਲੀਆਂ। ਸਬੰਧਤ ਦਸਤਾਵੇਜ਼ ਤੇ ਖ਼ਰੀਦ ਬਿੱਲ ਪੇਸ਼ ਨਾ ਕੀਤੇ ਜਾਣ ਦੇ ਦੋਸ਼ਾਂ ਤਹਿਤ ਥਾਣਾ ਨਥਾਣਾ ਪੁਲਿਸ ਨੇ ਗੋਦਾਮ ਸੰਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਭਾਗੀ ਟੀਮ ਨੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 28 ਅਕਤੂਬਰ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਫਰਟੀਲਾਈਜ਼ਰ ਇੰਸਪੈਕਟਰ ਸੁਖਪ੍ਰੀਤ ਸਿੰਘ ਨੇ ਟੀਮ ਸਮੇਤ ਭੁੱਚੋ ਮੰਡੀ ਤੋਂ ਲਹਿਰਾ ਬੇਗਾ ਰੋਡ ’ਤੇ ਸਥਿਤ ਗੋਦਾਮ ਦੀ ਜਾਂਚ ਕੀਤੀ। ਉੱਥੇ ਵੱਖ-ਵੱਖ ਕਿਸਮਾਂ ਦੀ ਖਾਦ ਤੇ ਕੀਟਨਾਸ਼ਕ ਦਵਾਈਆਂ ਦਾ ਸਟਾਕ ਮਿਲਿਆ। ਗੋਦਾਮ ਵਿਚ ਚਿੱਟੇ ਰੰਗ ਦੇ ਬੈਗਾਂ ਵਿਚ ਕੁਝ ਪਦਾਰਥ ਵੀ ਰੱਖੇ ਹੋਏ ਸਨ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਖਾਦ ਵਾਲੇ ਖਾਲੀ ਬੈਗ ਵੀ ਬਰਾਮਦ ਹੋਏ। ਵਿਭਾਗੀ ਅਧਿਕਾਰੀਆਂ ਨੇ ਗੋਦਾਮ ਸੰਚਾਲਕ ਤੋਂ ਖਾਦ ਅਤੇ ਕੀਟਨਾਸ਼ਕਾਂ ਨਾਲ ਸਬੰਧਤ ਖ਼ਰੀਦ ਬਿੱਲ, ਸਟਾਕ ਰਿਕਾਰਡ ਅਤੇ ਹੋਰ ਲੋੜੀਂਦੇ ਦਸਤਾਵੇਜ਼ ਮੰਗੇ, ਪਰ ਸ਼ਿਕਾਇਤ ਅਨੁਸਾਰ ਉਹ ਮੌਕੇ ’ਤੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਫਰਟੀਲਾਈਜ਼ਰ ਇੰਸਪੈਕਟਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਨਥਾਣਾ ਪੁਲਿਸ ਨੇ ਫਰਟੀਲਾਈਜ਼ਰ ਕੰਟਰੋਲ ਆਰਡਰ, 1985 ਦੀਆਂ ਧਾਰਾਵਾਂ 7 ਤੇ 8, ਜ਼ਰੂਰੀ ਵਸਤਾਂ ਐਕਟ, 1955 ਦੀਆਂ ਧਾਰਾਵਾਂ 3 ਅਤੇ 7 ਅਤੇ ਕੀਟਨਾਸ਼ਕ ਐਕਟ, 1968 ਦੀ ਸਬੰਧਤ ਧਾਰਾ ਤਹਿਤ ਐੱਫਆਈਆਰ ਦਰਜ ਕੀਤੀ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਜਗਦੀਪ ਸਿੰਘ ਨੂੰ ਸੌਂਪੀ ਗਈ ਹੈ। ਬਲਾਕ ਨਥਾਣਾ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਗੋਦਾਮ ਵਿਚੋਂ ਖਾਦ ਦੇ ਸੈਂਪਲ ਲਏ ਜਾਣਗੇ ਅਤੇ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਜਾਣਗੇ। ਰਿਪੋਰਟ ਆਉਣ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।