- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸਲਾਨਾ ਅਥਲੈਟਿਕ ਮੀਟ ਕਰਵਾਈ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਤਲਵੰਡੀ ਸਾਬੋ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਚ ਸਲਾਨਾ ਅਥਲੈਟਿਕ ਮੀਟ ਬੜੇ ਹੀ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਕਰਵਾਈ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਖੇਡ ਸਮਾਗਮ ਵਿਚ ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ ਲਗਭਗ 200 ਵਿਦਿਆਰਥਣਾਂ ਨੇ ਸ਼ਿਰਕਤ ਕਰਦਿਆਂ ਆਪਣੀ ਪ੍ਰਤਿਭਾ ਤੇ ਖੇਡ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੀ ਸ਼ੁਰੂਆਤ ਗੁਰੂ ਸਾਹਿਬ ਦੀ ਅਸੀਸ ਨਾਲ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਇੰਜੀਨੀਅਰ ਸੁਖਮਿੰਦਰ ਸਿੰਘ (ਸਕੱਤਰ, ਵਿਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਰਜਿੰਦਰ ਕੌਰ (ਸਹਾਇਕ ਡਾਇਰੈਕਟਰ, ਨਿਸ਼ਚੈ ਅਕੈਡਮੀ) ਨੇ ਹਾਜ਼ਰੀ ਲਗਵਾ ਕੇ ਸਮਾਗਮ ਦੀ ਸ਼ਾਨ ਵਧਾਈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ, ਜੋ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਦੱਸਣਯੋਗ ਹੈ ਕਿ ਇਸ ਅਥਲੈਟਿਕ ਮੀਟ ਦੌਰਾਨ 100 ਮੀਟਰ, 200 ਮੀਟਰ, 800 ਮੀਟਰ ਦੌੜਾਂ, ਲੰਮੀ ਛਾਲ, ਬੋਰੀ ਰੇਸ, ਨਿੰਬੂ ਦੌੜ, ਰੱਸਕਸ਼ੀ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ ਨੇ ਖੂਬ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੇਡਾਂ ਦੇ ਅਸਲ ਜਜ਼ਬੇ ਨੂੰ ਪ੍ਰਗਟ ਕੀਤਾ। ਦਰਸ਼ਕਾਂ ਵੱਲੋਂ ਵੀ ਖਿਡਾਰੀਆਂ ਦੀ ਜ਼ੋਰਦਾਰ ਹੌਸਲਾ ਅਫ਼ਜ਼ਾਈ ਕੀਤੀ ਗਈ।
ਅੰਤ ’ਚ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਮੰਜਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਸਮਾਗਮ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ, ਮੁਕਾਬਲੇ ਅਤੇ ਮਿੱਥੇ ਟੀਚੇ ਹਾਸਲ ਕਰਨ ਦੀ ਭਾਵਨਾ ਪੈਦਾ ਕਰਦੇ ਹਨ। ਕੁਲਵਿੰਦਰ ਸਿੰਘ (ਸੇਵਾਮੁਕਤ ਕੋਚ) ਵੱਲੋਂ ਜੇਤੂ ਖਿਡਾਰਨਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਅੰਡਰ-19 ਅਤੇ ਅੰਡਰ-14 ਵਰਗਾਂ ਵਿੱਚੋਂ ਚੁਣੇ ਗਏ ਸਰਵੋਤਮ ਐਥਲੀਟਾਂ ਨੂੰ ਵੀ ਵਿਸ਼ੇਸ਼ ਨਕਦ ਇਨਾਮ ਭੇਟ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ ਤੇ ਹੋਰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਆ। ਇਸ ਮੌਕੇ ਭਾਈ ਰਵਿੰਦਰ ਸਿੰਘ ਖਾਲਸਾ (ਪ੍ਰਿੰਸੀਪਲ, ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ),ਥਾਣਾ ਸਿੰਘ ਚੱਠਾ, ਤੇਜਾ ਸਿੰਘ ਮਲਕਾਣਾ, ਭਾਈ ਮਨੀ ਸਿੰਘ ਜੀ ਸੇਵਾ ਸੁਸਾਇਟੀ ਤਲਵੰਡੀ ਸਾਬੋ ਤੋਂ ਕੁਲਵੰਤ ਸਿੰਘ ਤੇ ਸਮੂਹ ਮੈਂਬਰ, ਹਰਮਹਿੰਦਰ ਸਿੰਘ ਸਿੱਧੂ (ਸਰਕਲ ਪ੍ਰਧਾਨ), ਚਮਕੌਰ ਸਿੰਘ (ਸੇਵਾਮੁਕਤ ਪ੍ਰਿੰਸੀਪਲ), ਡਾ. ਗੁਰਵਿੰਦਰ ਸਿੰਘ ਮਾਖਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਕਾਲਜ ਪ੍ਰਬੰਧਕ ਕਮੇਟੀ ਅਤੇ ਖੇਡ ਵਿਭਾਗ ਦੇ ਅਧਿਆਪਕਾਂ ਦੀ ਮਿਹਨਤ ਅਤੇ ਸੁਚੱਜੇ ਪ੍ਰਬੰਧ ਕਾਰਨ ਇਹ ਸਾਲਾਨਾ ਐਥਲੈਟਿਕ ਮੀਟ ਬਹੁਤ ਸਫਲ ਰਹੀ। ਇਸ ਸਮਾਗਮ ਨੇ ਵਿਦਿਆਰਥਣਾਂ ਵਿਚ ਖੇਡਾਂ ਪ੍ਰਤੀ ਰੁਝਾਨ ਨੂੰ ਹੋਰ ਮਜ਼ਬੂਤ ਕੀਤਾ ਅਤੇ ਉਨ੍ਹਾਂ ਵਿੱਚ ਨਵਾਂ ਜੋਸ਼ ਭਰਿਆ।