- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਜਿਊਂਦ ਬਣਿਆ ਜੰਗ ਦਾ ਮੈਦਾਨ: ਪੁਲਿਸ ਤੇ ਕਿਸਾਨਾਂ ਵਿੱਚ ਤਿੱਖੀਆਂ ਝੜਪਾਂ, ਪੁਲਿਸ ਨੇ ਹੰਝੂ ਗੈਸ ਦੇ ਗੋਲੇ ਸੁੱਟੇ

-ਦੋਵੇਂ ਪਾਸੇ ਹੋਈ ਪੱਥਰਬਾਜ਼ੀ, ਛੇ ਕਿਸਾਨਾਂ ਦੇ ਲੱਗੀਆਂ ਮਾਮੂਲੀ ਸੱਟਾਂ, ਪਿੰਡ ਬੈਠੇ ਕਿਸਾਨਾਂ ’ਤੇ ਹਮਲਾ ਨਿੰਦਣਯੋਗ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਦੇ ਪਿੰਡ ਜਿਊਂਦ ਵਿੱਚ ਉਸ ਵੇਲੇ ਤਣਾਅਪੂਰਨ ਹਾਲਾਤ ਬਣ ਗਏ ਜਦੋਂ ਪੁਲਿਸ ਤੇ ਕਿਸਾਨਾਂ ਵਿਚਾਲੇ ਤਿੱਖੀਆਂ ਝੜਪਾਂ ਹੋ ਗਈਆਂ। ਹਾਲਾਤ ਇਸ ਕਦਰ ਵਿਗੜ ਗਏ ਕਿ ਪਿੰਡ ਕੁਝ ਸਮੇਂ ਲਈ ਜੰਗ ਦੇ ਮੈਦਾਨ ਵਰਗਾ ਦਿਖਾਈ ਦੇਣ ਲੱਗਾ। ਦੋਵੇਂ ਪਾਸਿਆਂ ਤੋਂ ਡੰਡਿਆਂ ਅਤੇ ਪੱਥਰਾਂ ਦੀ ਬਰਸਾਤ ਹੋਈ, ਜਦਕਿ ਭੀੜ ਨੂੰ ਤਿਤਰ-ਬਿਤਰ ਕਰਨ ਲਈ ਪੁਲਿਸ ਵੱਲੋਂ ਵੱਡੀ ਗਿਣਤੀ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਗਏ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਬਠਿੰਡਾ ਡੀਸੀ ਦਫ਼ਤਰ ਦਾ ਘਿਰਾਓ ਕਰਨ ਲਈ ਇਕੱਠੇ ਹੋ ਰਹੇ ਸਨ, ਤਾਂ ਜੋ ਉਥੋਂ ਕਾਫਲੇ ਦੀ ਸ਼ਕਲ ਵਿੱਚ ਬਠਿੰਡਾ ਵੱਲ ਰਵਾਨਾ ਹੋ ਸਕਣ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੋ ਰਹੇ ਸਨ, ਪਰ ਪੁਲਿਸ ਵੱਲੋਂ ਪਿੰਡ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਤਣਾਅ ਪੈਦਾ ਹੋ ਗਿਆ। ਜ਼ਿਕਰਯੋਗ ਹੈ ਕਿ ਪੁਲਿਸ ਨੇ ਕਿਸਾਨਾਂ ਦੇ ਪ੍ਰੋਗਰਾਮ ਨੂੰ ਫੇਲ ਕਰਨ ਲਈ ਅੱਜ ਸਵੇਰੇ ਵੱਡੇ ਤੜਕੇ ਉਨ੍ਹਾਂ ਦੇ ਘਰਾਂ ਵਿੱਚ ਛਾਪੇਮਾਰੀ ਵੀ ਕੀਤੀ ਪਰ ਕਿਸਾਨ ਆਗੂ ਪਹਿਲਾਂ ਹੀ ਇਧਰ-ਉਧਰ ਹੋ ਗਏ ਸਨ। ਇਸ ਦੌਰਾਨ ਪੁਲਿਸ ਨੇ ਬਠਿੰਡਾ ਨੂੰ ਆਉਣ ਵਾਲੇ ਰਸਤਿਆਂ ’ਤੇ ਸਖਤ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਹੀ ਕਿਸਾਨ ਰਾਮਪੁਰਾ ਨੇੜੇ ਪਿੰਡ ਜਿਉਂਦ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਦਾ ਪਤਾ ਲੱਗਦਾ ਸੀ ਭਾਰੀ ਗਿਣਤੀ ਪੁਲਿਸ ਫੋਰਸ ਨੇ ਪਿੰਡ ਨੂੰ ਘੇਰਾ ਪਾ ਲਿਆ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਕਿਸਾਨਾਂ ਨੇ ਪੁਲਿਸ ’ਤੇ ਰੱਜ ਕੇ ਪੱਥਰਬਾਜ਼ੀ ਕੀਤੀ ਜਦੋਂ ਕਿ ਪੁਲਿਸ ਵੱਲੋਂ ਵੱਡੀ ਗਿਣਤੀ ਹੰਝੂ ਗੈਸ ਦੇ ਗੋਲੇ ਸੁੱਟੇ ਗਏ। ਇਸ ਦੌਰਾਨ ਹੰਝੂ ਗੈਸ ਦਾ ਗੋਲਾ ਲੱਗਣ ਕਾਰਨ ਇਕ ਕਿਸਾਨ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਦੋਂ ਕਿ ਅੱਧੀ ਦਰਜਨ ਕਿਸਾਨਾਂ ਨੂੰ ਮਮੂਲੀ ਚੋਟਾਂ ਲੱਗੀਆਂ ਹਨ। ਬਠਿੰਡਾ ਦੀ ਐੱਸਐੱਸਪੀ ਡਾ. ਜਯੋਤੀ ਯਾਦਵ ਨੇ ਖੁਦ ਕਮਾਂਡ ਸੰਭਾਲੀ ਹੋਈ ਸੀ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਸੁਣੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀਸੀ ਦਫ਼ਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਅਜੇ ਵੀ ਰੱਦ ਨਹੀਂ ਕੀਤਾ ਗਿਆ ਅਤੇ ਅਗਲੀ ਰਣਨੀਤੀ ਜਲਦੀ ਐਲਾਨੀ ਜਾਵੇਗੀ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸ਼ਾਂਤਮਈ ਤਰੀਕੇ ਨਾਲ ਪਿੰਡ ਵਿੱਚ ਬੈਠੇ ਕਿਸਾਨਾਂ ਉੱਪਰ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸਾਨਾਂ ਉੱਪਰ ਹੰਝੂ ਗੈਸ ਦੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ, ਜਿਸ ਕਾਰਨ ਕਈ ਕਿਸਾਨ ਜਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਪਿੰਡ ਜਿਊਂਦ ਵਿੱਚ ਬੈਠੇ ਹੋਏ ਸਨ ਅਤੇ ਉਨ੍ਹਾਂ ਅਜੇ ਕਿਸਾਨਾਂ ਨੂੰ ਬਠਿੰਡਾ ਜਾਣ ਦਾ ਕੋਈ ਸੱਦਾ ਨਹੀਂ ਦਿੱਤਾ ਸੀ। ਪਰ ਅਚਾਨਕ ਪੁਲਿਸ ਨੇ ਪੂਰੇ ਪਿੰਡ ਨੂੰ ਘੇਰ ਕੇ ਕਿਸਾਨਾਂ ਤੇ ਜਬਰ ਢਹਿਆ ਹੈ। ਉਨ੍ਹਾਂ ਕਿਹਾ ਕਿ ਐਨਾ ਹੀ ਨਹੀਂ ਪੁਲਿਸ ਨੇ ਲੋਕਾਂ ਦੇ ਘਰਾਂ ਵਿੱਚ ਹੰਝੂ ਗੈਸ ਦੇ ਗੋਲੇ ਸੁੱਟੇ ਜਿਸ ਕਾਰਨ ਪਿੰਡ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਇਕ ਮਹਿਲਾ ਸਮੇਤ ਤਿੰਨ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ ਜਦੋਂ ਕਿ ਉਨ੍ਹਾਂ ਦੇ ਕੈਂਟਰ ਦੀ ਪੁਲਿਸ ਨੇ ਬੁਰੀ ਤਰ੍ਹਾਂ ਭੰਨਤੋੜ ਕੀਤੀ ਹੈ।
-ਬਾਕਸ-
ਇਸ ਤਰ੍ਹਾਂ ਨਹੀਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਡੀਐਸਪੀ ਗੁਰਪ੍ਰੀਤ ਸਿੰਘ ਪੁੱਜੇ ਪਰ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹਿਰਾਸਤ ਵਿੱਚ ਲੈ ਗਏ ਉਨ੍ਹਾਂ ਦੇ ਸਾਥੀਆਂ ਨੂੰ ਛੱਡਿਆ ਜਾਵੇ। ਐਸਐਸਪੀ ਬਠਿੰਡਾ ਡਾ. ਜਯੋਤੀ ਯਾਦਵ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਬਿਨਾਂ ਇਜਾਜ਼ਤ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਅਤੇ ਮਾਰਚ ਕਰਨ ਤੋਂ ਰੋਕਿਆ ਗਿਆ ਸੀ। ਉਨ੍ਹਾਂ ਦੇ ਅਨੁਸਾਰ ਕੁਝ ਲੋਕਾਂ ਵੱਲੋਂ ਪੱਥਰਾਅ ਕੀਤਾ ਗਿਆ, ਜਿਸ ਤੋਂ ਬਾਅਦ ਭੀੜ ਨੂੰ ਕਾਬੂ ਕਰਨ ਲਈ ਹਲਕਾ ਬਲ ਵਰਤਣਾ ਪਿਆ। ਪੁਲਿਸ ਦਾ ਦਾਅਵਾ ਹੈ ਕਿ ਸਥਿਤੀ ਨੂੰ ਸੰਭਾਲ ਲਿਆ ਗਿਆ ਹੈ।
-ਬਾਕਸ-
-ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਦਰਸ਼ ਸਕੂਲ ਚਾਉਕੇ ਤੇ ਪਿੰਡ ਜਿਊਂਦ ਵਿਚ ਹੋਈ ਝੜਪ ਤੋਂ ਬਾਅਦ ਪੁਲਿਸ ਨੇ ਭਾਕਿਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਸਮੇਤ ਸੈਂਕੜੇ ਕਿਸਾਨਾਂ ਖਿਲਾਫ਼ ਕੇਸ ਦਰਜ ਕੀਤੇ ਸਨ ਜਿਸ ਵਿਚ ਪੁਲਿਸ ਨੇ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਹੁਣ ਭਾਕਿਯੂ ਉਗਰਾਹਾਂ ਦੇ ਆਗੂ ਉਕਤ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇਸ ਲਈ ਭਾਕਿਯੂ ਨੇ 6 ਫ਼ਰਵਰੀ ਨੂੰ ਡੀਸੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਸੀ ਪਰ ਪੁਲਿਸ ਨੇ ਸਖਤੀ ਨਾਲ ਕਿਸਾਨਾਂ ਦਾ ਇਹ ਪ੍ਰੋਗਰਾਮ ਫੇਲ ਕਰ ਦਿੱਤਾ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਅੱਜ 18 ਫਰਵਰੀ ਨੂੰ ਮੁੜ ਡੀਸੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਸੀ, ਪਰ ਪੁਲਿਸ ਨੇ ਸਖਤੀ ਨਾਲ ਦੁਬਾਰਾ ਫ਼ਿਰ ਕਿਸਾਨਾਂ ਦਾ ਇਹ ਪ੍ਰੋਗਰਾਮ ਫੇਲ੍ਹ ਕਰ ਦਿੱਤਾ ਹੈ।