ਦੋ ਦਿਨਾਂ ’ਚ 16 ਮਿਲੀਮੀਟਰ ਮੀਂਹ ਪੈਣ ਨਾਲ ਖ਼ਰਾਬ ਫ਼ਸਲਾਂ ਦੀ ਸਥਿਤੀ ਚਿੰਤਾਜਨਕ
ਦੋ ਦਿਨ੍ਹਾਂ ਵਿਚ ਜ਼ਿਲ੍ਹੇ ਅੰਦਰ ਵਿੱਚ ਪਿਆ 16 ਮਿਲੀਮੀਟਰ ਮੀਂਹ, ਖਰਾਬ ਮੌਸਮ ਕਾਰਨ ਫਸਲਾਂ ਦੀ ਸਥਿਤੀ ਚਿੰਤਾਜਨਕ
Publish Date: Sat, 04 Apr 2026 04:33 PM (IST)
Updated Date: Sun, 05 Apr 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਲਗਾਤਾਰ ਖਰਾਬ ਚੱਲ ਰਹੇ ਮੌਸਮ ਅਤੇ ਮੀਂਹ ਪੈਣ ਕਾਰਨ ਕਿਸਾਨ ਕਣਕ ਦੀ ਫਸਲ ਨੂੰ ਲੈ ਕੇ ਬੇਹੱਦ ਚਿੰਤਤ ਹਨ। ਪਿਛਲੇ ਦੋ ਦਿਨ ਤੋਂ ਜ਼ਿਲ੍ਹੇ ਅੰਦਰ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਣਕ ਦੀ ਫਸਲ ਦੇ ਨੁਕਸਾਨ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪਿਛਲੇ ਦੋ ਦਿਨਾਂ ਵਿੱਚ ਜਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ 16 ਮਿਲੀਮੀਟਰ ਮੀਂਹ ਪਿਆ ਹੈ, ਜਿਸ ਕਾਰਨ ਖੇਤੀਬਾੜੀ ਦੇ ਮਾਹਿਰਾਂ ਤੇ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਤਕ ਮੀਂਹ ਪੈਂਦਾ ਪੈ ਸਕਦਾ ਹੈ, ਜਿਸ ਕਾਰਨ ਫਸਲ ਦੀ ਵਾਢੀ ਦੇ ਕੰਮ ’ਚ ਦੇਰੀ ਹੋ ਸਕਦੀ ਹੈ। ਕਿਸਾਨਾਂ ਦੇ ਅਨੁਸਾਰ ਇਸ ਮੀਂਹ ਕਾਰਨ ਕਣਕ ਦੀ ਫਸਲ ਖ਼ਤਰੇ ’ਚ ਹੈ। ਮੌਸਮ ਖਰਾਬ ਹੋਣ ਕਾਰਨ ਖੇਤਾਂ ਵਿੱਚ ਕਣਕ ਦੀਆਂ ਬੱਲੀਆਂ ਭਿੱਜ ਗਈਆਂ, ਜਿਸ ਨਾਲ ਕਣਕ ਦਾ ਦਾਣਾ ਬਦਰੰਗ ਹੋ ਸਕਦਾ ਹੈ ਤੇ ਕੁਝ ਹਿੱਸਿਆਂ ਵਿੱਚ ਫਸਲ ਦੀ ਉਪਜ ਘੱਟ ਹੋ ਸਕਦੀ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਝੱਖੜ ਨਾਲ ਡਿੱਗੀ ਕਣਕ ਦੀ ਫਸਲਾ ਦਾ ਹੋਰ ਨੁਕਸਾਨ ਹੋ ਸਕਦਾ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਮੀਂਹ ਪੈਣ ਨਾਲ ਖੇਤਾਂ ਵਿੱਚ ਖੜੀ ਫਸਲ ਦੀ ਸੁਰੱਖਿਆ ਲਈ ਖਾਸ ਧਿਆਨ ਦੇਣ ਦੀ ਲੋੜ ਹੈ। ਖਾਸ ਤੌਰ ‘ਤੇ ਜੇ ਕਿਸਾਨਾਂ ਨੇ ਅਜੇ ਤਕ ਪਾਣੀ ਕੱਢਣ ਦੇ ਨਿਯਮਤ ਪ੍ਰਬੰਧ ਨਹੀਂ ਕੀਤੇ, ਤਾਂ ਇਸ ਕਾਰਨ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ 3 ਅਪ੍ਰੈਲ ਨੂੰ 8 ਮਿਲੀ ਮੀਟਰ ਅਤੇ 4 ਅਪ੍ਰੈਲ ਨੂੰ ਵੀ 8 ਮਿਲੀਮੀਟਰ ਮੀਂਹ ਪਿਆ ਹੈ। ਅਗਲੇ ਦੋ-ਤਿੰਨ ਦਿਨਾਂ ’ਚ ਵਾਢੀ ਦੇ ਕੰਮ ਵਿੱਚ ਮੁਸ਼ਕਿਲ ਆ ਸਕਦੀ ਹੈ। ਅੱਜ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 14.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜਦਕਿ 3 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 28.8 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 17.5 ਡਿਗਰੀ ਸੈਲਸੀਅਸ ਸੀ। ਇਸ ਤਰ੍ਹਾਂ ਸ਼ਨੀਵਾਰ ਨੂੰ ਕਰੀਬ ਤਿੰਨ ਡਿਗਰੀ ਤਾਪਮਾਨ ਹੇਠਾਂ ਆ ਗਿਆ ਹੈ। ਬੀਕੇਯੂ ਲੱਖੋਵਾਲਾ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ “ਮੌਸਮ ਦੀ ਅਚਾਨਕ ਬਦਲਾਅ ਕਾਰਨ ਸਾਲਾਨਾ ਉਪਜ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਵਾਰ ਦੇਰੀ ਨਾਲ ਪੈਣ ਵਾਲੀ ਵਾਢੀ ਤੇ ਹੁਣੇ ਜਿਹੇ ਪਿਆ ਮੀਂਹ ਕਿਸਾਨਾਂ ਲਈ ਚਿੰਤਾਂਜਨਕ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਗੜੇਮਾਰੀ ਕਾਰਨ ਕਣਕ ਦਾ ਕਾਫ਼ੀ ਨੁਕਸਾਨ ਹੋਇਆ ਹੈ।