- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿੱਚ ਚੋਰਾਂ ਦਾ ਕਹਿਰ, ਚਰ ਫੜਨ ’ਚ ਪੁਲਿਸ ਨਾਕਾਮ, ਹੁਣ ਫ਼ਿਰ ਤਿੰਨ ਥਾਵਾਂ ’ਤੇ ਚੋਰੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ’ਚ ਕਾਨੂੰਨ-ਵਿਵਸਥਾ ਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਬੇਖੌਫ ਚੋਰ ਪੁਲਿਸ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਹਨ ਤੇ ਅਤੀ-ਸੁਰੱਖਿਆ ਵਾਲੇ ਖੇਤਰ ਵੀ ਹੁਣ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲਗਾਤਾਰ ਵਧ ਰਹੀਆਂ ਚੋਰੀਆਂ ਦੇ ਬਾਵਜੂਦ ਪੁਲਿਸ ਹੱਥ ਮਲਦੀ ਨਜ਼ਰ ਆ ਰਹੀ ਹੈ ਅਤੇ ਅਜੇ ਤਕ ਕਿਸੇ ਵੀ ਵੱਡੀ ਵਾਰਦਾਤ ਦਾ ਸੁਰਾਗ ਨਹੀਂ ਲਗਾ ਸਕੀ। ਤਾਜ਼ਾ ਘਟਨਾਵਾਂ ਵਿੱਚ ਚੋਰਾਂ ਨੇ ਦੋ ਘਰਾਂ ਤੇ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਟਰਸਾਈਕਲ ਸਮੇਤ ਕੀਮਤੀ ਸਾਮਾਨ ’ਤੇ ਹੱਥ ਸਾਫ ਕੀਤਾ ਹੈ।
ਪਹਿਲੀ ਵਾਰਦਾਤ ’ਚ ਪਾਵਰ ਹਾਊਸ ਰੋਡ ਵਾਸੀ ਰਮਣਦੀਪ ਵਰਮਾ ਦਾ ਮੋਟਰਸਾਈਕਲ ਨੰਬਰ PB0 3 ਜ਼ੈੱਡ Z 1136 ਸਿਵਲ ਹਸਪਤਾਲ ਦੇ ਬਾਹਰੋਂ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ। ਇਹ ਇਲਾਕਾ ਸੀਸੀਟੀਵੀ ਨਿਗਰਾਨੀ ਹੇਠ ਹੋਣ ਦੇ ਬਾਵਜੂਦ ਚੋਰ ਬਿਨਾਂ ਕਿਸੇ ਡਰ ਦੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਥਾਣਾ ਕੋਤਵਾਲੀ ਦੀ ਪੁਲਿਸ ਨੇ ਰੁਟੀਨ ਤੌਰ ’ਤੇ ਕੇਸ ਦਰਜ ਕਰਕੇ ਸੀਸੀਟੀਵੀ ਫੁਟੇਜ ਖੰਗਾਲਣ ਦੀ ਗੱਲ ਕੀਤੀ ਹੈ, ਪਰ ਹਾਲੇ ਤਕ ਕੋਈ ਢੁੱਕਵਾਂ ਨਤੀਜਾ ਸਾਹਮਣੇ ਨਹੀਂ ਆਇਆ। ਥਾਣਾ ਸਿਵਲ ਲਾਇਨ ਖੇਤਰ ਵਿਚ ਲਗਾਤਾਰ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਦੂਜੀ ਵੱਡੀ ਚੋਰੀ ਗਣੇਸ਼ਾ ਬਸਤੀ ਵਿੱਚ ਵਾਪਰੀ ਜਿੱਥੇ ਅਣਪਛਾਤੇ ਚੋਰਾਂ ਨੇ ਇੱਕ ਰੇਡੀਮੇਡ ਕੱਪੜਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਵੱਡੀ ਮਾਤਰਾ ਵਿੱਚ ਸਮਾਨ ਚੋਰੀ ਕਰ ਲਿਆ। ਚੋਰ 15-16 ਜੀਨਸ ਪੈਂਟਾਂ, 165 ਕਮੀਜ਼ਾਂ, 125 ਟੀ-ਸ਼ਰਟਾਂ, 16 ਪਰਫਿਊਮ, ਐਨਕਾਂ, ਇਕ ਚਾਂਦੀ ਦਾ ਗਿਲਾਸ ਅਤੇ ਦੋ ਚਾਂਦੀ ਦੇ ਸਿੱਕੇ ਲੈ ਉੱਡੇ। ਇੰਨ੍ਹੀ ਵੱਡੀ ਚੋਰੀ ਦੇ ਬਾਵਜੂਦ ਪੁਲਿਸ ਸਿਰਫ਼ ਕੇਸ ਦਰਜ ਕਰਕੇ ਜਾਂਚ ਦੀ ਗੱਲ ਕਰ ਰਹੀ ਹੈ।
ਤੀਜੀ ਘਟਨਾ ’ਚ ਥਾਣਾ ਥਰਮਲ ਅਧੀਨ ਬੱਲਾ ਰਾਮ ਨਗਰ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਮੋਹਾਲੀ ਵਾਸੀ ਸੋਨੀਆ ਦੇ ਘਰ ਵਿੱਚ 29-30 ਮਾਰਚ ਦੀ ਦਰਮਿਆਨੀ ਰਾਤ ਨੂੰ ਚੋਰ ਦਾਖਲ ਹੋਏ ਤੇ 15 ਹਜ਼ਾਰ ਦੀ ਨਕਦੀ ਦੇ ਨਾਲ-ਨਾਲ ਲਗਭਗ ਡੇਢ ਤੋਂ ਦੋ ਤੋਲੇ ਸੋਨਾ ਵੀ ਚੋਰੀ ਕਰਕੇ ਲੈ ਗਏ। ਤਿੰਨ ਥਾਵਾਂ ’ਤੇ ਹੋਈਆਂ ਵਾਰਦਾਤਾਂ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਰ ਮਾਮਲੇ ਵਿੱਚ ਪੁਲਿਸ ਵੱਲੋਂ ਸਿਰਫ਼ “ਕੇਸ ਦਰਜ ਕਰਕੇ ਜਾਂਚ ਜਾਰੀ ਹੈ” ਦਾ ਰਾਗ ਅਲਾਪਿਆ ਜਾ ਰਿਹਾ ਹੈ, ਜਦਕਿ ਚੋਰ ਬਿਨਾਂ ਡਰ ਦੇ ਵਾਰਦਾਤਾਂ ਕਰਕੇ ਆਸਾਨੀ ਨਾਲ ਨਿਕਲ ਰਹੇ ਹਨ। ਸ਼ਹਿਰ ਵਾਸੀਆਂ ਵਿੱਚ ਡਰ ਅਤੇ ਗੁੱਸਾ ਵਧਦਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇ ਪੁਲਿਸ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਹਾਲਾਤ ਹੋਰ ਵੀ ਬੇਕਾਬੂ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਅਣਪਛਾਤੇ ਚੋਰਾਂ ਨੇ ਮਹਿਲਾ ਥਾਣੇ ਦੇ ਬਾਹਰੋਂ ਚਾਹ ਵਾਲੀ ਦੁਕਾਨ ਵਿਚ ਹਫ਼ਤੇ ਦੌਰਾਨ ਦੋ ਵਾਰੀ ਚੋਰੀ ਕੀਤੀ ਜਦੋਂ ਕਿ ਥਾਣੇ ਦੇ ਬਿਲਕੁਲ ਨਾਲ ਜੂਸ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ, ਪਰ ਸਿਵਲ ਲਾਇਨ ਪੁਲਿਸ ਅਜੇ ਤਕ ਚੋਰਾਂ ਦਾ ਪਤਾ ਨਹੀਂ ਲਗਾ ਸਕੀ।