- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ’ਚ ਨਹੀਂ ਰੁਕ ਰਹੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ, ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ

-ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਦਹਿਸ਼ਤ, ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿਛਲੇ ਦੋ ਦਿਨਾਂ ਦੌਰਾਨ ਚੋਰੀ ਤੇ ਲੁੱਟ-ਖੋਹ ਦੀਆਂ ਪੰਜ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਈ ਵਾਰਦਾਤਾਂ ਸੀਸੀਟੀਵੀ ’ਚ ਕੈਦ ਹੋਣ ਦੇ ਬਾਵਜੂਦ ਪੁਲਿਸ ਅਜੇ ਤਕ ਕਿਸੇ ਵੀ ਮੁਲਜ਼ਮ ਨੂੰ ਕਾਬੂ ਕਰਨ ’ਚ ਸਫ਼ਲ ਨਹੀਂ ਹੋ ਸਕੀ। ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਚੋਰ ਗਿਰੋਹਾਂ ਨੂੰ ਕਾਬੂ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਸ਼ਹਿਰ ਵਿੱਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ 'ਤੇ ਰੋਕ ਨਹੀਂ ਲੱਗ ਰਹੀ।
ਹਾਲਾਤ ਇਸ ਤਰ੍ਹਾਂ ਵਿਗੜ ਚੁੱਕੇ ਹਨ ਕਿ ਹੁਣ ਚੋਰਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਹੈ, ਜਿੱਥੇ ਅਣਪਛਾਤੇ ਚੋਰ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰਕੇ ਫ਼ਰਾਰ ਹੋ ਗਏ। ਇਹ ਪੂਰੀ ਘਟਨਾ ਗੁਰਦੁਆਰਾ ਸਾਹਿਬ ’ਚ ਲੱਗੇ ਸੀਸੀਟੀਵੀ ’ਚ ਕੈਦ ਹੋ ਗਈ ਹੈ। ਫੁਟੇਜ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਦੋ ਅਣਪਛਾਤੇ ਵਿਅਕਤੀ ਰਾਤ ਸਮੇਂ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੁੰਦੇ ਹਨ ਤੇ ਬੇਖੌਫ਼ ਤਰੀਕੇ ਨਾਲ ਗੋਲਕ ਚੁੱਕ ਕੇ ਉੱਥੋਂ ਫ਼ਰਾਰ ਹੋ ਜਾਂਦੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਚੋਰਾਂ ਨੇ ਗੁਰੂ ਘਰ ਨੂੰ ਵੀ ਨਹੀਂ ਬਖ਼ਸ਼ਿਆ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੀ ਘਟਨਾ ਬਠਿੰਡਾ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਵਾਪਰੀ, ਜਿੱਥੇ ਇੱਕ ਅਣਪਛਾਤਾ ਵਿਅਕਤੀ ਘਰ ਦੇ ਬਾਹਰ ਖੜ੍ਹਾ ਈ-ਰਿਕਸ਼ਾ ਚੋਰੀ ਕਰਕੇ ਲੈ ਗਿਆ। ਇਹ ਵਾਰਦਾਤ ਵੀ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿਚ ਇਕ ਵਿਅਕਤੀ ਪਹਿਲਾਂ ਈ-ਰਿਕਸ਼ੇ ਨੂੰ ਧੱਕਾ ਲਗਾ ਕੇ ਕੁਝ ਦੂਰ ਲੈ ਜਾਂਦਾ ਹੈ ਅਤੇ ਬਾਅਦ ਵਿੱਚ ਉਸ ਨੂੰ ਸਟਾਰਟ ਕਰਕੇ ਫ਼ਰਾਰ ਹੋ ਜਾਂਦਾ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤਕ ਪੁਲਿਸ ਮੁਲਜ਼ਮ ਤਕ ਨਹੀਂ ਪਹੁੰਚ ਸਕੀ।
ਤੀਜੀ ਘਟਨਾ ਦਾਣਾ ਮੰਡੀ ਵਿੱਚ ਸਾਹਮਣੇ ਆਈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਆਪਣੇ ਕੰਮ ਲਈ ਦਾਣਾ ਮੰਡੀ ਗਿਆ ਸੀ ਅਤੇ ਉਸ ਨੇ ਆਪਣਾ ਮੋਟਰਸਾਈਕਲ ਬਾਹਰ ਖੜ੍ਹਾ ਕੀਤਾ ਹੋਇਆ ਸੀ। ਜਦੋਂ ਉਹ ਕੰਮ ਨਿਬੇੜ ਕੇ ਵਾਪਸ ਆਇਆ ਤਾਂ ਉਸ ਦੀ ਬਾਈਕ ਗਾਇਬ ਸੀ। ਆਲੇ-ਦੁਆਲੇ ਭਾਲ ਕਰਨ ਦੇ ਬਾਵਜੂਦ ਕੋਈ ਸੁਰਾਗ ਨਾ ਮਿਲਣ 'ਤੇ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਜੇ ਤਕ ਇਸ ਚੋਰੀ ਦਾ ਸੁਰਾਗ ਨਹੀਂ ਲਾ ਸਕੀ। ਪੀੜਤ ਵਿਅਕਤੀ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।
ਚੌਥੀ ਵਾਰਦਾਤ ਜੀਟੀ ਰੋਡ 'ਤੇ ਵਾਪਰੀ, ਜਿੱਥੇ ਇਕ ਅਣਪਛਾਤਾ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਿਆ। ਇਹ ਘਟਨਾ ਵੀ ਸੀਸੀਟੀਵੀ ’ਚ ਰਿਕਾਰਡ ਹੋ ਗਈ ਹੈ। ਫੁਟੇਜ ’ਚ ਦਿਖਾਈ ਦਿੰਦਾ ਹੈ ਕਿ ਨੌਜਵਾਨ ਪਹਿਲਾਂ ਕੁਝ ਸਮਾਂ ਇਧਰ-ਉਧਰ ਦੇਖਦਾ ਹੈ ਤੇ ਮੌਕਾ ਮਿਲਦੇ ਹੀ ਮੋਟਰਸਾਈਕਲ ਸਟਾਰਟ ਕਰਕੇ ਉੱਥੋਂ ਨਿਕਲ ਜਾਂਦਾ ਹੈ। ਸੀਸੀਟੀਵੀ ਫੁਟੇਜ ਹੋਣ ਦੇ ਬਾਵਜੂਦ ਅਜੇ ਤੱਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੀੜਤ ਨੇ ਸੀਸੀਟੀਵੀ ਫੁਟੇਜ ਪੁਲਿਸ ਕੋਲ ਦਿੱਤੀ ਹੈ।
ਇਸ ਦੇ ਨਾਲ ਹੀ ਪ੍ਰਤਾਪ ਨਗਰ ਵਿੱਚ ਲੁੱਟ-ਖੋਹ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਔਰਤ ਗਲੀ ਨੰਬਰ 30 ਦੇ ਨੇੜੇ ਜਾ ਰਹੀ ਸੀ ਕਿ ਇਸ ਦੌਰਾਨ ਦੋ ਔਰਤਾਂ ਅਤੇ ਇੱਕ ਵਿਅਕਤੀ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਲਿਆ। ਦੋਸ਼ ਹੈ ਕਿ ਉਨ੍ਹਾਂ ਨੇ ਔਰਤ ਨੂੰ ਕੋਈ ਨਸ਼ੀਲੀ ਜਾਂ ਬੇਹੋਸ਼ ਕਰਨ ਵਾਲੀ ਚੀਜ਼ ਸੁੰਘਾ ਦਿੱਤੀ, ਜਿਸ ਕਾਰਨ ਉਹ ਬੇਸੁੱਧ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਉਸ ਦੇ ਕੰਨਾਂ ਵਿੱਚ ਪਾਏ ਸੋਨੇ ਦੇ ਟੌਪਸ ਤੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਕੁਝ ਸਮੇਂ ਬਾਅਦ ਜਦੋਂ ਪੀੜਤਾ ਦੀ ਧੀ ਉੱਥੇ ਪਹੁੰਚੀ ਤਾਂ ਉਸ ਨੂੰ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਸ਼ਹਿਰ ਦੇ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਲੋਕਾਂ ਅਨੁਸਾਰ ਜੇਕਰ ਸਮੇਂ ਸਿਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ, ਤਾਂ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋਰ ਵਧ ਸਕਦੀਆਂ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਗਸ਼ਤ ਵਧਾਈ ਜਾਵੇ, ਸੀਸੀਟੀਵੀ ਨਿਗਰਾਨੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਮੁੜ ਕਾਇਮ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਥਾਣਾ ਸਿਵਲ ਲਾਇਨ ਅਧੀਨ ਪੈਂਦੇ ਖੇਤਰ ਮਹਿਲਾ ਥਾਣਾ ਦੇ ਬਾਹਰੋਂ ਚਾਹ ਵਾਲੀ ਤੇ ਜੂਸ ਵਾਲੀ ਦੁਕਾਨ ’ਚ ਚੋਰੀ ਕੀਤੀ ਸੀ, ਪਰ ਚੋਰਾਂ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ। ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਕਾਰਨ ਪੁਲਿਸ ਦੀ ਕਾਫ਼ੀ ਕਿਰਕਿਰੀ ਹੋਈ ਸੀ।