ਸੂਟਕੇਸ ਕਤਲਕਾਂਡ : ਪਰਿਵਾਰਕ ਮੈਂਬਰਾਂ ਵੱਲੋਂ ਅਸਥੀਆਂ ਲੈਣ ਤੋਂ ਇਨਕਾਰ
ਸੂਟਕੇਸ ਕਤਲਕਾਂਡ: ਪਰਿਵਾਰਕ ਮੈਂਬਰਾਂ ਵੱਲੋਂ ਅਸਥੀਆਂ ਲੈਣ ਤੋਂ ਇਨਕਾਰ
Publish Date: Sat, 14 Feb 2026 04:32 PM (IST)
Updated Date: Sun, 15 Feb 2026 04:03 AM (IST)
-ਸਹਾਰਾ ਜਨਸੇਵਾ ਨੇ ਕੀਤਾ ਅੰਤਿਮ ਸੰਸਕਾਰ ਤੇ ਅਸਥੀਆਂ ’ਕੱਠੀਆਂ ਕਰਨ ਦੀ ਨਿਭਾਈ ਜ਼ਿੰਮੇਵਾਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬੀਤੀ 11 ਫ਼ਰਵਰੀ ਨੂੰ ਮਲੋਟ ਰੋਡ ’ਤੇ ਸਥਿਤ ਪਿੰਡ ਬਹਿਮਣ ਦੀਵਾਨਾ ਦੇ ਖੇਤਾਂ ਵਿੱਚੋਂ ਸੂਟਕੇਸ ਵਿੱਚ ਮਿਲੀ ਨੌਜਵਾਨ ਲੜਕੀ ਦੀ ਲਾਸ਼ ਦੇ ਮਾਮਲੇ ਵਿੱਚ ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਸਥਾਨਕ ਦਾਣਾ ਮੰਡੀ ਸਥਿਤ ਸ਼ਮਸ਼ਾਨ ਭੂਮੀ ਵਿੱਚ ਕਰ ਦਿੱਤਾ ਗਿਆ। ਇਹ ਅੰਤਿਮ ਸੰਸਕਾਰ ਮ੍ਰਿਤਕਾ ਦੇ ਨੇੜਲੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਸਹਾਰਾ ਜਨ ਸੇਵਾ ਦੇ ਸਹਿਯੋਗ ਨਾਲ ਮੁਕੰਮਲ ਹੋਇਆ। ਪੁਲਿਸ ਕਾਰਵਾਈ ਤੇ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪੀ।
ਇਸ ਤੋਂ ਬਾਅਦ ਸ਼ਮਸ਼ਾਨ ਭੂਮੀ ਵਿੱਚ ਧਾਰਮਿਕ ਰੀਤ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਮੌਕੇ ’ਤੇ ਗਮਗੀਨ ਮਾਹੌਲ ਦੇ ਦਰਮਿਆਨ ਮ੍ਰਿਤਕਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ। ਹਾਲਾਂਕਿ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਹੈਰਾਨੀਜਨਕ ਮੋੜ ਆਇਆ ਜਦੋਂ ਮੌਜੂਦ ਰਿਸ਼ਤੇਦਾਰਾਂ ਨੇ ਅਸਥੀਆਂ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਹਾਰਾ ਜਨਸੇਵਾ ਦੀ ਟੀਮ ਨੂੰ ਬੇਨਤੀ ਕੀਤੀ ਕਿ ਉਹ ਖੁਦ ਅਸਥੀਆਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਗੰਗਾ ਵਿੱਚ ਵਿਸਰਜਿਤ ਕਰਨ ਦੀ ਵਿਵਸਥਾ ਕਰ ਦੇਣ। ਪਰਿਵਾਰਕ ਮੈਂਬਰਾਂ ਦੇ ਇਸ ਫ਼ੈਸਲੇ ਕਾਰਨ ਮੌਕੇ ’ਤੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਪਰਿਵਾਰ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਸਹਾਰਾ ਜਨਸੇਵਾ ਦੀ ਟੀਮ ਨੇ ਮਨੁੱਖਤਾ ਦੇ ਨਾਤੇ ਅਸਥੀਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਸੰਸਥਾ ਦੇ ਮੈਂਬਰਾਂ ਵੱਲੋਂ ਅੰਤਿਮ ਸੰਸਕਾਰ ਵਾਲੀ ਥਾਂ ਤੋਂ ਅਸਥੀਆਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਸੰਭਾਲ ਲਿਆ ਗਿਆ ਹੈ। ਸੰਸਥਾ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਅਸਥੀਆਂ ਜਲਦ ਹੀ ਹਰਿਦੁਆਰ ਭੇਜੀਆਂ ਜਾਣਗੀਆਂ, ਜਿੱਥੇ ਰੀਤੀ-ਰਿਵਾਜਾਂ ਅਨੁਸਾਰ ਗੰਗਾ ਨਦੀ ਵਿੱਚ ਪਾਇਆ ਜਾਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਮਲੋਟ ਰੋਡ ’ਤੇ ਨੌਜਵਾਨ ਲੜਕੀ ਦੀ ਹੱਤਿਆ ਦੀ ਘਟਨਾ ਨੇ ਪੂਰੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਸੀ। ਪਿੰਡ ਬਹਿਮਣ ਦੀਵਾਨਾ ਦੇ ਖੇਤਾਂ ਵਿੱਚੋਂ ਸੂਟਕੇਸ ਵਿੱਚ ਮਿਲੀ ਲਾਸ਼ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਤੁਰੰਤ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਜਾਂਚ ਦੌਰਾਨ ਕਈ ਤੱਥ ਸਾਹਮਣੇ ਆਏ ਅਤੇ ਪੁਲਿਸ ਨੇ ਮ੍ਰਿਤਕਾ ਦੇ ਕਥਿਤ ਪ੍ਰੇਮੀ ਪ੍ਰਿੰਸ ਕੁਮਾਰ ਨੂੰ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਪੱਖਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।