- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਆਈਆਰ ਦੌਰਾਨ ਸਾਹਮਣੇ ਆ ਰਹੀਆਂ ਕਈ ਖਾਮੀਆਂ, ਨਾਮ, ਉਮਰ ਅਤੇ ਦਸਤਾਵੇਜ਼ਾਂ ਦੇ ਮਿਲਾਨ ਨੇ ਵਧਾਈ ਚੁਣੌਤੀ

-ਝੁੱਗੀ-ਝੌਂਪੜੀ ਵਾਲਿਆਂ ’ਚ ਸਭ ਤੋਂ ਵੱਧ ਦਿੱਕਤ, ਬੀਐੱਲਓਜ਼ 'ਤੇ ਵਧਿਆ ਕੰਮ ਦਾ ਬੋਝ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸਆਈਆਰ) ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਇਸ ਤਹਿਤ ਬਠਿੰਡਾ ਜ਼ਿਲ੍ਹੇ ਵਿੱਚ ਵੀ ਬੂਥ ਲੈਵਲ ਅਫ਼ਸਰ (ਬੀਐੱਲਓ) ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਕਰ ਰਹੇ ਹਨ। ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ, ਜਿੱਥੇ ਫਾਰਮ ਭਰੇ ਤੇ ਜਮ੍ਹਾਂ ਕਰਵਾਏ ਜਾ ਰਹੇ ਹਨ।
ਹਾਲਾਂਕਿ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਗਲਤੀਆਂ ਤੇ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਤਸਦੀਕ ਦਾ ਕੰਮ ਹੋਰ ਵੀ ਜਟਿਲ ਬਣਦਾ ਜਾ ਰਿਹਾ ਹੈ। ਚੋਣ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਭ ਤੋਂ ਵੱਧ ਸਮੱਸਿਆ ਝੁੱਗੀ-ਝੌਂਪੜੀ ਅਤੇ ਪਰਵਾਸੀ ਮਜ਼ਦੂਰਾਂ ਵਾਲੇ ਇਲਾਕਿਆਂ ’ਚ ਆ ਰਹੀ ਹੈ। ਇਨ੍ਹਾਂ ਖੇਤਰਾਂ ਦੇ ਕਈ ਲੋਕਾਂ ਕੋਲ ਲੁੜੀਂਦੇ ਦਸਤਾਵੇਜ਼ ਪੂਰੇ ਨਹੀਂ ਹਨ ਜਾਂ ਉਨ੍ਹਾਂ ਨੂੰ ਫਾਰਮ ਭਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਨਹੀਂ ਹੈ। ਕਈ ਲੋਕ ਪੜ੍ਹੇ-ਲਿਖੇ ਨਾ ਹੋਣ ਕਾਰਨ ਫਾਰਮ ਭਰਨ ਵਿੱਚ ਵੀ ਅਸਮਰੱਥ ਹਨ, ਜਿਸ ਕਰਕੇ ਬੀਐੱਲਓਜ਼ ਨੂੰ ਖੁਦ ਉਨ੍ਹਾਂ ਦੀ ਮਦਦ ਕਰਨੀ ਪੈ ਰਹੀ ਹੈ। ਇਸ ਕਾਰਨ ਉਨ੍ਹਾਂ 'ਤੇ ਕੰਮ ਦਾ ਬੋਝ ਕਾਫ਼ੀ ਵੱਧ ਗਿਆ ਹੈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਵੋਟਰਾਂ ਦੇ ਨਾਮ ਵੋਟਰ ਸੂਚੀ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਵਿੱਚ ਇੱਕੋ ਜਿਹੇ ਨਹੀਂ ਹਨ। ਕਈ ਸਾਲ ਪਹਿਲਾਂ ਬਣੇ ਰਿਕਾਰਡਾਂ ਵਿੱਚ ਅੰਗਰੇਜ਼ੀ ਸਪੈਲਿੰਗ ਦੀਆਂ ਗਲਤੀਆਂ ਹੁਣ ਵੱਡੀ ਰੁਕਾਵਟ ਬਣ ਰਹੀਆਂ ਹਨ। ਉਦਾਹਰਨ ਵਜੋਂ ਕਿਸੇ ਵਿਅਕਤੀ ਦਾ ਨਾਮ ਪਹਿਲਾਂ ਵੋਟਰ ਸੂਚੀ ਵਿੱਚ ਜਸਵਿੰਦਰ ਡਬਲਯੂ ਨਾਲ ਦਰਜ ਹੋਇਆ ਸੀ, ਜਦਕਿ ਬਾਅਦ ਵਿੱਚ ਉਸ ਨੇ ਆਪਣੇ ਹੋਰ ਦਸਤਾਵੇਜ਼ਾਂ ਵਿੱਚ ਜਸਵਿੰਦਰ ਵੀ ਨਾਲ ਲਿਖਵਾਉਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਸਪੈਲਿੰਗ ’ਚ ਇਸ ਤਬਦੀਲੀ ਕਾਰਨ ਦਸਤਾਵੇਜ਼ਾਂ ਦਾ ਮਿਲਾਨ ਨਹੀਂ ਹੋ ਰਿਹਾ ਤੇ ਅਜਿਹੇ ਮਾਮਲਿਆਂ ਦੀ ਜਾਂਚ ਵਿੱਚ ਵਾਧੂ ਸਮਾਂ ਲੱਗ ਰਿਹਾ ਹੈ। ਇਸ ਤੋਂ ਇਲਾਵਾ ਕਈ ਪਰਿਵਾਰਾਂ ਨੇ ਆਪਣੇ ਮ੍ਰਿਤਕ ਮੈਂਬਰਾਂ ਦੇ ਨਾਮ ਅਜੇ ਤੱਕ ਵੋਟਰ ਸੂਚੀ ਵਿੱਚੋਂ ਨਹੀਂ ਕਟਵਾਏ। ਅਜਿਹੇ ਰਿਕਾਰਡ ਵੀ ਤਸਦੀਕ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੇ ਹਨ।
ਕਈ ਮਾਮਲਿਆਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਉਮਰ ਆਪਸ ਵਿੱਚ ਮੇਲ ਨਹੀਂ ਖਾਂਦੀ। ਕੁਝ ਰਿਕਾਰਡਾਂ ਵਿੱਚ ਪਿਤਾ ਅਤੇ ਪੁੱਤਰ ਜਾਂ ਪੁੱਤਰੀ ਦੀ ਉਮਰ ਵਿੱਚ ਸਿਰਫ਼ 15 ਤੋਂ 16 ਸਾਲ ਦਾ ਹੀ ਅੰਤਰ ਦਰਜ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਰਾਣੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇ ਜਨਮ ਮਿਤੀ ਦਾ ਕੋਈ ਪ੍ਰਮਾਣ ਨਾ ਹੋਣ ਕਾਰਨ ਅੰਦਾਜ਼ੇ ਨਾਲ ਉਮਰ ਦਰਜ ਕਰਵਾਈ ਸੀ, ਜਿਸ ਦਾ ਅਸਰ ਹੁਣ ਐਸਆਈਆਰ ਦੌਰਾਨ ਸਪੱਸ਼ਟ ਤੌਰ 'ਤੇ ਨਜ਼ਰ ਆ ਰਿਹਾ ਹੈ। ਚੋਣ ਵਿਭਾਗ ਨੇ ਕਿਹਾ ਕਿ ਐੱਸਆਈਆਰ ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਸਹੀ ਤੇ ਤਰੁੱਟੀ ਰਹਿਤ ਬਣਾਉਣਾ ਹੈ। ਇਸ ਪ੍ਰਕਿਰਿਆ ਤਹਿਤ ਯੋਗ ਵੋਟਰਾਂ ਦੇ ਨਾਮ ਸੂਚੀ ਵਿੱਚ ਕਾਇਮ ਰੱਖੇ ਜਾਣਗੇ, ਜਦਕਿ ਮ੍ਰਿਤਕ, ਦੋਹਰੇ, ਗਲਤ ਜਾਂ ਕਿਸੇ ਹੋਰ ਥਾਂ ਤਬਦੀਲ ਹੋ ਚੁੱਕੇ ਵੋਟਰਾਂ ਦੇ ਨਾਮ ਸੂਚੀ ਵਿੱਚੋਂ ਹਟਾਏ ਜਾਣਗੇ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੋਟਿਸ ਪ੍ਰਾਪਤ ਹੁੰਦਾ ਹੈ ਤਾਂ ਉਹ ਨਿਰਧਾਰਤ ਸਮੇਂ ਅੰਦਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਹਾਜ਼ਰ ਹੋ ਕੇ ਆਪਣਾ ਪੱਖ ਜ਼ਰੂਰ ਪੇਸ਼ ਕਰਨ, ਤਾਂ ਜੋ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਸਹੀ ਰੂਪ ਵਿੱਚ ਦਰਜ ਰਹੇ।
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਲਓ ਪਹਿਲਾਂ ਘਰ-ਘਰ ਜਾ ਕੇ ਸਾਰੇ ਫਾਰਮ ਭਰਨਗੇ ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਆਨਲਾਈਨ ਅਪਲੋਡ ਕੀਤੀ ਜਾਵੇਗੀ। ਜਿਨ੍ਹਾਂ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਵਿਸੰਗਤੀ ਸਾਹਮਣੇ ਆਵੇਗੀ, ਉਨ੍ਹਾਂ ਨੂੰ ਸਬੰਧਤ ਐੱਸਡੀਐੱਮ ਦਫ਼ਤਰ ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ। ਨੋਟਿਸ ਮਿਲਣ ਉਪਰੰਤ ਸਬੰਧਤ ਵਿਅਕਤੀ ਨੂੰ ਨਿਰਧਾਰਤ ਤਾਰੀਖ਼ 'ਤੇ ਐਸਡੀਐਮ ਜਾਂ ਨਾਮਜ਼ਦ ਚੋਣ ਅਧਿਕਾਰੀ ਸਾਹਮਣੇ ਪੇਸ਼ ਹੋ ਕੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਲੋੜੀਂਦੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਪ੍ਰਕਿਰਿਆ ਦੌਰਾਨ ਸਿਰਫ਼ ਆਧਾਰ ਕਾਰਡ ਜਾਂ ਵੋਟਰ ਪਛਾਣ ਪੱਤਰ ਨੂੰ ਨਾਗਰਿਕਤਾ ਜਾਂ ਪਛਾਣ ਦਾ ਅੰਤਿਮ ਸਬੂਤ ਨਹੀਂ ਮੰਨਿਆ ਜਾਵੇਗਾ। ਲੋੜ ਪੈਣ 'ਤੇ ਜਨਮ ਸਰਟੀਫਿਕੇਟ, ਪਾਸਪੋਰਟ, ਪੈਨ ਕਾਰਡ (ਜਿੱਥੇ ਲਾਗੂ ਹੋਵੇ), ਡਰਾਈਵਿੰਗ ਲਾਇਸੈਂਸ, ਦਸਵੀਂ ਜਾਂ ਹੋਰ ਵਿਦਿਅਕ ਸਰਟੀਫਿਕੇਟ, ਸਰਕਾਰੀ ਨੌਕਰੀ ਦੇ ਰਿਕਾਰਡ, ਰਾਸ਼ਨ ਕਾਰਡ (ਨਿਯਮਾਂ ਅਨੁਸਾਰ), ਬਿਜਲੀ, ਪਾਣੀ ਜਾਂ ਗੈਸ ਦੇ ਬਿੱਲ, ਬੈਂਕ ਜਾਂ ਡਾਕਘਰ ਦੀ ਪਾਸਬੁੱਕ, ਜਾਇਦਾਦ ਨਾਲ ਸਬੰਧਤ ਦਸਤਾਵੇਜ਼, ਰਜਿਸਟਰਡ ਕਿਰਾਏਨਾਮਾ, ਪਰਿਵਾਰ ਰਜਿਸਟਰ ਦੀ ਕਾਪੀ, ਪੈਨਸ਼ਨ ਕਾਰਡ ਜਾਂ ਸਮਰੱਥ ਅਧਿਕਾਰੀ ਵੱਲੋਂ ਜਾਰੀ ਹੋਰ ਸਰਕਾਰੀ ਦਸਤਾਵੇਜ਼ ਪੇਸ਼ ਕਰਨੇ ਪੈ ਸਕਦੇ ਹਨ। ਕਿਹੜਾ ਦਸਤਾਵੇਜ਼ ਅੰਤਿਮ ਤੌਰ 'ਤੇ ਮਨਜ਼ੂਰ ਕੀਤਾ ਜਾਵੇਗਾ, ਇਸ ਦਾ ਫ਼ੈਸਲਾ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ। ਚੋਣ ਵਿਭਾਗ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਐਸਆਈਆਰ ਤਹਿਤ ਬੂਥ ਪੱਧਰ 'ਤੇ ਤਸਦੀਕ ਅਤੇ ਫਾਰਮ ਇਕੱਠੇ ਕਰਨ ਦਾ ਕੰਮ ਜਾਰੀ ਹੈ। ਬੀਐੱਲਓ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਜਾਂਚ ਕਰ ਰਹੇ ਹਨ, ਜਦਕਿ ਵਿਸ਼ੇਸ਼ ਕੈਂਪਾਂ ਰਾਹੀਂ ਵੀ ਫਾਰਮ ਜਮ੍ਹਾਂ ਕਰਵਾਏ ਜਾ ਰਹੇ ਹਨ। ਸਾਰੀ ਜਾਣਕਾਰੀ ਆਨਲਾਈਨ ਅਪਲੋਡ ਹੋਣ ਤੋਂ ਬਾਅਦ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਮਾਮਲਿਆਂ ਵਿੱਚ ਇਤਰਾਜ਼ ਜਾਂ ਗਲਤੀਆਂ ਸਾਹਮਣੇ ਆਉਣਗੀਆਂ, ਉਨ੍ਹਾਂ ਦੀ ਸੁਣਵਾਈ ਕਰਕੇ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਬੇੜਾ ਕੀਤਾ ਜਾਵੇਗਾ। ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸੋਧੀ ਹੋਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਚੋਣ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟਰ ਜਾਣਕਾਰੀ ਦੀ ਖੁਦ ਵੀ ਜਾਂਚ ਕਰਨ, ਜੇਕਰ ਕੋਈ ਗਲਤੀ ਹੈ ਤਾਂ ਉਸ ਨੂੰ ਸਮੇਂ ਸਿਰ ਠੀਕ ਕਰਵਾਉਣ ਅਤੇ ਤਸਦੀਕ ਦੌਰਾਨ ਬੀਐਲਓ ਨੂੰ ਪੂਰਾ ਸਹਿਯੋਗ ਦੇਣ, ਤਾਂ ਜੋ ਆਉਣ ਵਾਲੀਆਂ ਚੋਣਾਂ ਲਈ ਇੱਕ ਸਹੀ, ਪਾਰਦਰਸ਼ੀ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ।