- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਲਵਰ ਓਕਸ ਸਕੂਲ ਵਿਖੇ ਅੱਠ ਦਿਨਾਂ ‘ਸਿਨਰਜੀ–2’ ਸਮਰ ਕੈਂਪ ਦੀ ਸ਼ਾਨਦਾਰ ਸ਼ੁਰੂਆਤ

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸਿਲਵਰ ਓਕਸ ਸਕੂਲ ਵਿਖੇ ਗਰਮੀਆਂ ਦੀਆਂ ਛੁੱਟੀਆਂ ਨੂੰ ਰਚਨਾਤਮਕ ਤੇ ਯਾਦਗਾਰ ਬਣਾਉਣ ਦੇ ਉਦੇਸ਼ ਨਾਲ ਅੱਠ ਦਿਨਾਂ ਦਾ “ਸਿਨਰਜੀ–2” ਸਮਰ ਕੈਂਪ ਸ਼ੁਰੂ ਕੀਤਾ ਗਿਆ। ਇਸ ਕੈਂਪ ਵਿੱਚ ਐਲਕੇਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਕੈਂਪ ਦਾ ਉਦਘਾਟਨ ਸਕੂਲ ਦੀ ਨਿਰਦੇਸ਼ਕਾ ਬਰਨਿੰਦਰ ਪਾਲ ਸੇਖੋਂ ਅਤੇ ਸਿਲਵਰ ਓਕਸ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਸਰਦਾਰ ਨਵਦੀਪ ਸਿੰਘ ਸੰਧੂ ਵੱਲੋਂ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ, ਜੋ ਗਿਆਨ, ਸਕਾਰਾਤਮਕਤਾ ਤੇ ਤਰੱਕੀ ਦਾ ਪ੍ਰਤੀਕ ਹੈ। ਇਸ ਉਪਰੰਤ ਰੰਗ-ਬਿਰੰਗੇ ਗੁਬਾਰੇ ਆਕਾਸ਼ ’ਚ ਉਡਾ ਕੇ ਸਮਰ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ ਗਈ। ਗੁਬਾਰਿਆਂ ਦੀ ਉਡਾਣ ਬੱਚਿਆਂ ਦੇ ਸੁਪਨਿਆਂ, ਉਮੀਦਾਂ ਅਤੇ ਅਸੀਮ ਸੰਭਾਵਨਾਵਾਂ ਦਾ ਪ੍ਰਤੀਕ ਬਣੀ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਰ ਕੈਂਪ ਨੂੰ ਵੱਖ-ਵੱਖ ਸ਼੍ਰੇਣੀਆਂ ’ਚ ਵੰਡਿਆ ਹੈ ਤਾਂ ਜੋ ਬੱਚਿਆਂ ਦੇ ਸਰੀਰਕ, ਰਚਨਾਤਮਕ ਅਤੇ ਵਿਅਕਤੀਗਤ ਵਿਕਾਸ ਨੂੰ ਸੰਤੁਲਿਤ ਢੰਗ ਨਾਲ ਉਤਸ਼ਾਹਿਤ ਕੀਤਾ ਜਾ ਸਕੇ।
“ਸਪੋਰਟਸ ਐਂਡ ਫਿਟਨੈੱਸ” ਸ਼੍ਰੇਣੀ ਅਧੀਨ ਘੋੜ ਸਵਾਰੀ, ਜਿਮਨਾਸਟਿਕਸ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਕ੍ਰਿਕਟ, ਰਗਬੀ, ਬਾਸਕਟਬਾਲ, ਯੋਗਾ ਤੇ ਫਿਟਨੈੱਸ ਵਰਗੀਆਂ ਸਰਗਰਮੀਆਂ ਸ਼ਾਮਲ ਕੀਤੀਆਂ ਹਨ। ਇਸੇ ਤਰ੍ਹਾਂ “ਪਰਫਾਰਮਿੰਗ ਆਰਟਸ ਤੇ ਲਾਈਫ ਸਕਿੱਲਜ਼” ਸ਼੍ਰੇਣੀ ਵਿੱਚ ਸੰਗੀਤ, ਨਾਚ, ਰਚਨਾਤਮਕ ਲਿਖਣ ਕਲਾ, ਜਨਤਕ ਭਾਸ਼ਣ ਕਲਾ, ਕਹਾਣੀ ਸੁਣਾਉਣ ਦੀ ਕਲਾ ਤੇ ਆਤਮ-ਵਿਸ਼ਵਾਸ ਵਿਕਾਸ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ। “ਰਚਨਾਤਮਕਤਾ” ਸ਼੍ਰੇਣੀ ਅਧੀਨ ਫੈਬਰਿਕ ਪੇਂਟਿੰਗ, ਕੈਲੀਗ੍ਰਾਫੀ, ਫਾਈਨ ਆਰਟਸ, ਡੀ.ਆਈ.ਵਾਈ. ਪ੍ਰੋਜੈਕਟਸ ਅਤੇ ਕਰਾਫਟ ਵਰਕ ਵਰਗੀਆਂ ਸਰਗਰਮੀਆਂ ਰਾਹੀਂ ਬੱਚਿਆਂ ਦੀ ਸਿਰਜਣਾਤਮਕ ਯੋਗਤਾ ਨੂੰ ਨਿਖਾਰਨ ਦੇ ਯਤਨ ਕੀਤੇ ਜਾਣਗੇ।
ਸਕੂਲ ਪ੍ਰਬੰਧਕਾਂ ਅਨੁਸਾਰ ਸਾਰੀਆਂ ਸਰਗਰਮੀਆਂ ਤਜਰਬੇਕਾਰ ਤੇ ਪ੍ਰੋਫੈਸ਼ਨਲ ਕੋਚਾਂ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਵਿਦਿਆਰਥੀਆਂ ਨੂੰ ਸੁਰੱਖਿਅਤ, ਅਨੁਸ਼ਾਸਿਤ ਅਤੇ ਪ੍ਰੇਰਣਾਦਾਇਕ ਸਿੱਖਣ ਵਾਲਾ ਮਾਹੌਲ ਮਿਲ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੀ ਨਿਰਦੇਸ਼ਕਾ ਬਰਨਿੰਦਰ ਪਾਲ ਸੇਖੋਂ ਨੇ ਵਿਦਿਆਰਥੀਆਂ ਨੂੰ ਸਮਰ ਕੈਂਪ ਨੂੰ ਆਪਣੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਪਛਾਣਨ, ਆਤਮ-ਵਿਸ਼ਵਾਸ ਵਿਕਸਿਤ ਕਰਨ ਅਤੇ ਨਵੀਆਂ ਜੀਵਨ ਕਲਾਵਾਂ ਸਿੱਖਣ ਦੇ ਸੁਨਹਿਰੀ ਮੌਕੇ ਵਜੋਂ ਵਰਤਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਨੁਸ਼ਾਸਨ, ਰਚਨਾਤਮਕਤਾ ਅਤੇ ਸਰਗਰਮ ਭਾਗੀਦਾਰੀ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। ਸਿਲਵਰ ਓਕਸ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਸਰਦਾਰ ਨਵਦੀਪ ਸਿੰਘ ਸੰਧੂ ਨੇ ਬੱਚਿਆਂ ਨੂੰ ਖੇਡ ਭਾਵਨਾ, ਟੀਮ ਵਰਕ ਤੇ ਦ੍ਰਿੜ੍ਹ ਨਿਸ਼ਚੇ ਨਾਲ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਖੇਡਾਂ ਬੱਚਿਆਂ ’ਚ ਨੇਤ੍ਰਿਤਵ ਸਮਰੱਥਾ, ਆਤਮ-ਵਿਸ਼ਵਾਸ ਤੇ ਸਿਹਤਮੰਦ ਜੀਵਨ ਸ਼ੈਲੀ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਮਾਗਮ ਦੌਰਾਨ ਸਕੂਲ ਦੀ ਨਿਰਦੇਸ਼ਕਾ ਵੱਲੋਂ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਕੈਂਪਾਂ ਵਿੱਚ ਭਾਗ ਲੈ ਕੇ ਆਪਣੇ ਚਰਿੱਤਰ ਤੇ ਵਿਅਕਤੀਤਵ ਨੂੰ ਨਿਖਾਰਨ ਲਈ ਉਤਸ਼ਾਹਿਤ ਕੀਤਾ।