- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੇਖਪੁਰਾ ਟੋਲ ਪਲਾਜ਼ਾ ਪੰਜ ਘੰਟੇ ਲਈ ਮੁਫ਼ਤ, ਲੈਂਡ ਪਾਲਿਸੀ ਅਤੇ ਬੈਂਕ ਨੀਤੀਆਂ ਖ਼ਿਲਾਫ਼ ਰੋਸ

-ਹਰੀ ਨੌਂ ਦੇ ਦੋ ਸਕੇ ਭਰਾਵਾਂ ਦੀ ਖ਼ੁਦਕੁਸ਼ੀ ਮਾਮਲੇ ’ਚ ਨਿਆਂ ਨਾ ਮਿਲਿਆ ਤਾਂ ਅਣਮਿੱਥੇ ਸਮੇਂ ਲਈ ਸੰਘਰਸ਼ ਦੀ ਚਿਤਾਵਨੀ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਭਾਰਤੀ ਕਿਸਾਨ ਏਕਤਾ ਯੂਨੀਅਨ (ਸਿੱਧੂਪੁਰ) ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਭਰ ਦੇ ਟੋਲ ਪਲਾਜ਼ੇ ਮੁਫ਼ਤ ਕਰਵਾਏ ਗਏ। ਇਸੇ ਤਹਿਤ ਤਲਵੰਡੀ ਸਾਬੋ-ਮੌੜ ਮੰਡੀ ਮੁੱਖ ਸੜਕ 'ਤੇ ਸਥਿਤ ਸ਼ੇਖਪੁਰਾ ਟੋਲ ਪਲਾਜ਼ਾ ਵਿਖੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਅਤੇ ਸਰਕਾਰ ਤੇ ਬੈਂਕਾਂ ਦੀਆਂ ਨੀਤੀਆਂ ਖ਼ਿਲਾਫ਼ ਧਰਨਾ ਦਿੱਤਾ। ਇਸ ਦੌਰਾਨ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਅਦਾ ਕੀਤੇ ਲੰਘਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਏਕਤਾ ਯੂਨੀਅਨ (ਸਿੱਧੂਪੁਰ) ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਇਹ ਅੰਦੋਲਨ ਸਿਰਫ਼ ਟੋਲ ਮੁਫ਼ਤ ਕਰਵਾਉਣ ਲਈ ਨਹੀਂ, ਸਗੋਂ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ, ਬੈਂਕਾਂ ਦੀ ਮਨਮਾਨੀ ਅਤੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ 30 ਮਾਰਚ ਨੂੰ ਪਿੰਡ ਹਰੀ ਨੌਂ ਦੇ ਦੋ ਸਕੇ ਭਰਾਵਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਭਰਾਵਾਂ ਨੇ ਕਰਜ਼ਾ ਅਦਾ ਕਰਨ ਦੇ ਬਾਵਜੂਦ ਬੈਂਕ ਵੱਲੋਂ ਜ਼ਮੀਨ ਦੇ ਕਾਗਜ਼ ਜਾਰੀ ਕਰਨ ਵਿੱਚ ਕੀਤੀ ਗਈ ਦੇਰੀ ਕਾਰਨ ਮਾਨਸਿਕ ਪਰੇਸ਼ਾਨੀ ਝੱਲੀ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕਾਕਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਈ ਬੈਂਕਾਂ ਵਿੱਚ ਦਲਾਲਾਂ ਰਾਹੀਂ ਕਰਜ਼ੇ ਦੇਣ ਅਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਤੋਂ ਕਰਜ਼ਾ ਲੈਂਦੇ ਸਮੇਂ ਖਾਲੀ ਚੈੱਕ ਲਏ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਆਧਾਰ 'ਤੇ ਚੈੱਕ ਬਾਊਂਸ ਦੇ ਕੇਸ ਦਰਜ ਕਰਕੇ ਕਿਸਾਨਾਂ ਨੂੰ ਤੰਗ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬੈਂਕਾਂ ਕੋਲ ਪਏ ਕਿਸਾਨਾਂ ਦੇ ਖਾਲੀ ਚੈੱਕ ਤੁਰੰਤ ਵਾਪਸ ਕੀਤੇ ਜਾਣ ਅਤੇ ਚੈੱਕ ਬਾਊਂਸ ਨਾਲ ਸਬੰਧਤ ਸਾਰੇ ਕੇਸ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੀ ਜ਼ਮੀਨ ਪਹਿਲਾਂ ਹੀ ਗਿਰਵੀ ਹੁੰਦੀ ਹੈ ਤਾਂ ਵੱਖਰੇ ਤੌਰ 'ਤੇ ਚੈੱਕਾਂ ਦੇ ਆਧਾਰ 'ਤੇ ਕਾਰਵਾਈ ਕਰਨਾ ਗੈਰ-ਵਾਜਬ ਹੈ। ਨਵੀਂ ਲੈਂਡ ਪਾਲਿਸੀ ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਇਹ ਕਿਸਾਨਾਂ ਦੇ ਹਿੱਤਾਂ ਦੇ ਉਲਟ ਹੈ ਅਤੇ ਜ਼ਮੀਨਾਂ 'ਤੇ ਕਬਜ਼ੇ ਦਾ ਰਾਹ ਖੋਲ੍ਹਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਇਸ ਮਾਮਲੇ 'ਤੇ ਕਿਸਾਨ ਜਥੇਬੰਦੀਆਂ ਨਾਲ ਕੋਈ ਗੰਭੀਰ ਗੱਲਬਾਤ ਨਹੀਂ ਕੀਤੀ। ਕੋਟੜਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਰੀ ਨੌਂ ਦੇ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ, ਬੈਂਕਾਂ ਦੀਆਂ ਧੱਕੇਸ਼ਾਹੀਆਂ ਨਾ ਰੋਕੀਆਂ ਗਈਆਂ ਅਤੇ ਕਿਸਾਨਾਂ ਦੀਆਂ ਮੰਗਾਂ 'ਤੇ ਸਰਕਾਰ ਨੇ ਗੰਭੀਰਤਾ ਨਾ ਦਿਖਾਈ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਪੱਧਰ 'ਤੇ ਮੀਟਿੰਗ ਕਰਕੇ ਅਣਮਿੱਥੇ ਸਮੇਂ ਲਈ ਵੱਡੇ ਸੰਘਰਸ਼ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਣਦੇ ਹਨ ਅਤੇ ਲੋੜ ਪੈਣ 'ਤੇ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।