- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਪਿੱਥੋ ਵਿਖੇ ਸ਼ਹੀਦਾਂ ਦੀ ਯਾਦ ’ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

-ਪਿੰਡ ਪਿੱਥੋ ਵਿਖੇ ਸ਼ਹੀਦਾਂ ਦੀ ਯਾਦ ’ਚ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਕਮੇਟੀ ਪਿੰਡ ਪਿੱਥੋ ਵੰਲੋਂ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ’ਚ ਸ਼ਹੀਦਾਂ ਦੀ ਯਾਦ ਵਿੱਚ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ’ਚ ਮਸਤਾਨ ਥੀਏਟਰ ਗਰੁੱਪ ਰਾਮਪੁਰਾ ਫੂਲ ਵੱਲੋਂ ਸਵੈ-ਇੱਛਾ ਨਾਲ ਨਸ਼ਿਆਂ ਤੋਂ ਛੁਟਕਾਰਾ ਲੈਣ ਦਾ ਸੁਨੇਹਾ ਦਿੰਦਾ ਇਕ ਨੁੱਕੜ ਨਾਟਕ ‘ਇਕ ਸੀ ਰੰਗ ਸਫੈਦ’ ਪੇਸ਼ ਕੀਤਾ ਗਿਆ। ਇਸ ਉਪਰੰਤ ਪ੍ਰੋ: ਸੋਮਪਾਲ ਵੱਲੋਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਆਧਾਰਤ ਇਕ ਪਾਤਰੀ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੇਸ਼ ਕਰਕੇ ਮਾਂ ਬੋਲੀ ਲਈ ਦਰਸ਼ਕਾਂ ਨੂੰ ਸੁਚੇਤ ਕੀਤਾ। ਉਨ੍ਹਾਂ ਸੁਆਲ ਕੀਤਾ ਕਿ ਜਦੋਂ ਦੁਨੀਆਂ ਦੀ ਕੋਈ ਵੀ ਭਾਸ਼ਾ ਪੰਜਾਬੀ ਤੋਂ ਸ਼ਬਦ ਗ੍ਰਹਿਣ ਨਹੀਂ ਕਰਦੀ ਤਾਂ ਫੇਰ ਅਸੀਂ ਹੋਰ ਭਾਸ਼ਾਵਾਂ ਤੋਂ ਸ਼ਬਦ ਕਿਉਂ ਹਾਸਲ ਕਰਦੇ ਹਾਂ? ਇਸ ਤੋਂ ਬਾਅਦ ਨਾਟਕ ਮੰਡਲੀ ਮੁੱਲਾਂਪੁਰ ਦੀ ਟੀਮ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਸੁਚੇਤ ਕਰਦਾ ਨਾਟਕ ‘ਪਰਿੰਦੇ ਭਟਕ ਗਏ’ ਪੇਸ਼ ਕੀਤਾ, ਜਿਸ ਰਾਹੀਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਨਾਮਬੰਦ ਹੋਣ ਦਾ ਸੁਝਾਅ ਬਾਖੂਬੀ ਦਿੱਤੀ। ਇਸ ਉਪਰੰਤ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹੀ ਗਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਨਾਟਕ ‘ਧਰਤ ਵੰਗਾਰੇ ਤਖ਼ਤ ਨੂੰ’ ਪੇਸ਼ ਕਰਦਿਆਂ ਦੇਸ਼ ਦੀ ਆਜ਼ਾਦੀ ਅਤੇ ਹੱਕਾਂ ਲਈ ਜੂਝਣ ਵਾਲੀ ਔਰਤ ਦੀ ਸ਼ਕਤੀ ਨੂੰ ਦਰਸ਼ਕਾਂ ਦੇ ਰੂ-ਬ-ਰੂ ਕੀਤਾ। ਇਸ ਨਾਟਕ ਨੂੰ ਲੋਕਾਂ ਨੇ ਸਾਹ ਰੋਕ ਕੇ ਵੇਖਿਆ। ਇਸ ਦੌਰਾਨ ਭੀਮ ਤਰਕ ਨੇ ਯਾਦੂ ਦੇ ਟਰਿੱਕ ਵਿਖਾਏ ਤੇ ਫਾਜ਼ਿਲਕਾ ਤੋਂ ਆਏ ਦੋ ਨੌਜਵਾਨਾਂ ਨੇ ਅਲੋਪ ਹੋ ਰਹੀ ਭੰਡ ਕਲਾ ਰਾਹੀਂ ਦਰਸ਼ਕਾਂ ਨੂੰ ਹਸਾਇਆ ਅਤੇ ਸਮਾਜਕ ਕੁਰੀਤੀਆਂ ਅਤੇ ਲੋਕਾਂ ਤੋਂ ਮੂੰਹ ਫੇਰਦੀਆਂ ਸਰਕਾਰਾਂ ’ਤੇ ਚੋਟ ਕੀਤੀ।
ਉਘੇ ਤਰਕਸ਼ੀਲ ਆਗੂ ਰਜਿੰਦਰ ਭਦੌੜ ਨੇ ਸੰਬੋਧਨ ਕਰਦਿਆਂ ਪ੍ਰੋਗਰਾਮ ਦੀ ਸਫ਼ਲਤਾ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਵੇਂ ਬਹੁਤ ਸਾਰੀਆਂ ਲਾਇਬ੍ਰੇਰੀਆਂ ਹਨ, ਪਰ ਅਜਿਹਾ ਸ਼ਾਨਦਾਰ ਕਾਰਜ ਪਿੰਡ ਜੀਦਾ ਅਤੇ ਪਿੰਡ ਪਿੱਥੋ ਦੀ ਲਾਇਬ੍ਰੇਰੀ ਕਮੇਟੀ ਵੱਲੋਂ ਹੀ ਕਰਵਾਇਆ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਲੇਬਸ ਤੇ ਨਾਲ ਨਾਲ ਲਾਇਬ੍ਰੇਰੀ ਤੋਂ ਹੋਰ ਗਿਆਨਵਰਧਕ ਪੁਸਤਕਾਂ ਲੈ ਕੇ ਪੜ੍ਹਣ ਦੀ ਸਲਾਹ ਦਿੱਤੀ। ਜਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਭਾਵੇਂ ਸਰੀਰਕ ਤੌਰ ’ਤੇ ਨਹੀਂ ਹਨ, ਪਰ ਉਨ੍ਹਾਂ ਦੀ ਸੋਚ ਜਿੰਦਾ ਹੈ। ਅੱਜ ਵੀ ਭਗਤ ਸਿੰਘ ਤੇ ਗੁਲਾਬ ਕੌਰ ਵਰਗੀਆਂ ਸ਼ਖ਼ਸੀਅਤਾਂ ਲੋਕਾਂ ਵਿੱਚ ਹਨ, ਪਰ ਚੇਤਨਤਾ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਪੰਜਾਬ ਵਿੱਚ ਜੋ ਹੋਣਾ ਚਾਹੀਦਾ ਹੈ, ਉਹ ਨਾਟਕਾਂ ਵਿਚ ਵਿਖਾਇਆ ਗਿਆ ਹੈ। ਅੱਜ ਇਨਕਲਾਬ ਦੀ ਲੋੜ ਹੈ ਤਾਂ ਜੋ ਕੁਰੀਤੀਆਂ ਰਹਿਤ ਸਮਾਜ ਸਿਰਜਿਆ ਜਾ ਸਕੇ। ਉਹਨਾਂ ਕਿਹਾ ਪਿੰਡ ਪਿੱਥੋ ਤੋਂ ਦਿੱਤਾ ਇਹ ਸੁਨੇਹਾ ਹਰ ਪਿੰਡ ਤਕ ਪਹੁੰਚਾਉਣਾ ਚਾਹੀਦਾ ਹੈ। ਪੰਜਾਬ ਸਟੂਡੈਂਟਸ ਦੇ ਸਾਬਕਾ ਆਗੂ ਤੇ ਸਾਬਕਾ ਸਰਪੰਚ ਦਰਸਨ ਸਿੰਘ ਨੇ ਕਿਤਾਬਾਂ ਦੇ ਮਹੱਤਵ ਅਤੇ ਲਾਇਬ੍ਰੇਰੀ ਦੀ ਜਰੂਰਤ ਵਿਸ਼ੇ ਤੇ ਵਿਚਾਰ ਪੇਸ਼ ਕੀਤੇ ਅਤੇ ਅਜਿਹੇ ਸਮਾਗਮਾਂ ਦੀ ਲਗਾਤਾਰਤਾ ਜਾਰੀ ਰੱਖਣ ਦਾ ਭਰੋਸਾ ਦਿਵਾਇਆ। ਇਸ ਮੌਕੇ ਪਿੰਡ ਦੇ ਉੱਚਕੋਟੀ ਦੇ ਸਾਹਿਤਕਾਰ ਗਰਬਚਨ ਸਿੰਘ ਭੁੱਲਰ ਸਮੇਤ ਕਵੀ ਦਰਸ਼ਨ ਅਣਜਾਣ ਅਤੇ ਬਹੁ ਵਿਧਾਵੀ ਲੇਖਕ ਬਲਵਿੰਦਰ ਸਿੰਘ ਭੁੱਲਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਕਾਲਾ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਲਾਇਬ੍ਰੇਰੀ ਕਮੇਟੀ ਵੱਲੋਂ ਸਰਵ ਸ੍ਰੀ ਬੇਅੰਤ ਸਿੰਘ, ਜਗਤਾਰ ਸਿੰਘ, ਅਮਰਜੀਤ ਸਿੰਘ, ਗੁਰਬਖ਼ਸ ਸਿੰਘ ਪਟਵਾਰੀ, ਗੁਰਦੀਪ ਸਿੰਘ, ਸਾਧੂ ਸਿੰਘ, ਸੁਖਮੰਦਰ ਸਿੰਘ ਆਦਿ ਨੇ ਪ੍ਰਬੰਧਾਂ ਵੱਲ ਉਚੇਚਾ ਧਿਆਨ ਰੱਖਿਆ।